ਰੂਸ-ਯੂਕ੍ਰੇਨ ਵਿਚਾਲੇ ਹਵਾਈ ਹਮਲਿਆਂ ’ਚ 10 ਲੋਕਾਂ ਦੀ ਮੌਤ

Sunday, Sep 27, 2026 - 02:48 AM (IST)

ਰੂਸ-ਯੂਕ੍ਰੇਨ ਵਿਚਾਲੇ ਹਵਾਈ ਹਮਲਿਆਂ ’ਚ 10 ਲੋਕਾਂ ਦੀ ਮੌਤ

ਕੀਵ - ਮਾਸਕੋ ਅਤੇ ਕੀਵ ਵਿਚਾਲੇ ਹਵਾਈ ਹਮਲੇ ਵਧਣ ਤੋਂ ਬਾਅਦ ਬੀਤੇ 24 ਘੰਟਿਆਂ ਦੌਰਾਨ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਰੂਸ ਨੇ ਯੂਕ੍ਰੇਨ ’ਤੇ ਕ੍ਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ, ਸ਼ਕਤੀਸ਼ਾਲੀ ਗਲਾਈਡ ਬੰਬਾਂ ਅਤੇ ਜੈੱਟ-ਪਾਵਰਡ ਡਰੋਨਾਂ ਨਾਲ ਜ਼ਬਰਦਸਤ ਹਮਲੇ ਕੀਤੇ ਹਨ। ਇਹ ਸਭ ਮਾਸਕੋ ਵੱਲੋਂ ਆਪਣੇ ਗੁਆਂਢੀ ਦੇਸ਼ ’ਤੇ ਵੱਡੇ ਪੱਧਰ ’ਤੇ ਹਮਲਾ ਸ਼ੁਰੂ ਕਰਨ ਦੇ ਲੱਗਭਗ ਸਾਢੇ ਚਾਰ ਸਾਲਾਂ ਬਾਅਦ ਹੋ ਰਿਹਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ਨੀਵਾਰ ਸਵੇਰੇ ਲਿਖਿਆ, ‘‘ਇਹ ਜ਼ਰੂਰੀ ਹੈ ਕਿ ਸਾਡੇ ਸਹਿਯੋਗੀ ਇਹ ਨਾ ਭੁੱਲਣ ਕਿ ਰੂਸ ਹਰ ਦਿਨ ਹਮਲੇ ਤੇਜ਼ ਕਰ ਰਿਹਾ ਹੈ। ਜੇ ਰੂਸ ਨੇ ਆਪਣੇ ਹਮਲਿਆਂ ਨੂੰ ਹੋਰ ਵੀ ਬੇਰਹਿਮ ਬਣਾਉਣ ਦਾ ਫੈਸਲਾ ਕੀਤਾ ਹੈ, ਤਾਂ ਦੁਨੀਆ ਨੂੰ ਵੀ ਜੰਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਜ਼ਿਆਦਾ ਸਖ਼ਤ ਜਵਾਬ ਦੇਣੇ ਪੈਣਗੇ।’’

ਉਨ੍ਹਾਂ ਕੀਵ ਅਤੇ ਜ਼ਾਪੋਰਿਜ਼ੀਆ ਸ਼ਹਿਰਾਂ ਅਤੇ ਓਡੇਸਾ, ਸੁਮੀ ਅਤੇ ਖਾਰਕੀਵ ਇਲਾਕਿਆਂ ’ਚ ‘ਰਿਹਾਇਸ਼ੀ ਇਮਾਰਤਾਂ ’ਤੇ ਕਈ ਹਮਲਿਆਂ’ ਦਾ ਜ਼ਿਕਰ ਕੀਤਾ। ਜ਼ਾਪੋਰਿਜ਼ੀਆ ਦੇ ਖੇਤਰੀ ਫੌਜੀ ਪ੍ਰਸ਼ਾਸਨ ਨੇ ਦੱਸਿਆ ਕਿ ਖੇਤਰ ਵਿਚ ਦੋ ਔਰਤਾਂ ਦੀ ਮੌਤ ਘਰ ਦੇ ਮਲਬੇ ਹੇਠਾਂ ਦੱਬਣ ਨਾਲ ਹੋ ਗਈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸੁਮੀ ਸ਼ਹਿਰ ’ਤੇ ਰੂਸ ਦੇ ਇਕ ਵੱਖਰੇ ਹਮਲੇ ’ਚ ਵੀ ਦੋ ਲੋਕਾਂ ਦੀ ਮੌਤ ਹੋ ਗਈ।

ਇਸ ਦਰਮਿਆਨ, ਯੂਕ੍ਰੇਨ ਦੇ ਲੰਬੀ ਦੂਰੀ ਦੇ ਡਰੋਨਾਂ ਨੇ ਰੂਸ ਦੀਆਂ ਤੇਲ ਰਿਫਾਇਨਰੀਆਂ ਅਤੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਹੈ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੱਖਣੀ ਕ੍ਰਾਸਨੋਡਾਰ ਇਲਾਕੇ ’ਚ ਯੂਕ੍ਰੇਨ ਦੇ ਡਰੋਨ ਹਮਲੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ।

ਰੂਸੀ ਸਰਕਾਰੀ ਮੀਡੀਆ ਅਨੁਸਾਰ, ਮਾਸਕੋ ਵੱਲੋਂ ਨਿਯੁਕਤ ਖੇਤਰੀ ਮੁਖੀ ਯੇਵਗੇਨੀ ਬਾਲਿਤਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਤ ਨੂੰ ਰੂਸ ਦੇ ਕਬਜ਼ੇ ਵਾਲੇ ਯੂਕ੍ਰੇਨ ਦੇ ਜ਼ਾਪੋਰਿਜ਼ੀਆ ਖੇਤਰ ’ਚ ਯੂਕ੍ਰੇਨੀ ਹਮਲਿਆਂ ’ਚ ਤਿੰਨ ਲੋਕ ਮਾਰੇ ਗਏ।


author

Inder Prajapati

Content Editor

Related News