ਨਵੀਂ ਤਕਨੀਕ : ਰੂਸੀ ਅਤੇ ਅਮਰੀਕੀ ਪੁਲਾੜ ਯਾਤਰੀ 3 ਘੰਟਿਆਂ ’ਚ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚੇ
Thursday, Oct 15, 2020 - 08:25 AM (IST)
ਮਾਸਕੋ- ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ’ਤੇ 3 ਰੂਸੀ ਅਤੇ ਅਮਰੀਕੀ ਪੁਲਾੜ ਯਾਤਰੀਆਂ ਨੂੰ ਪਹਿਲੀ ਵਾਰ ਅਜਿਹੀ ਤਕਨੀਕ ਨਾਲ ਭੇਜਿਆ ਗਿਆ ਹੈ ਜਿਸ ਨਾਲ ਉਹ ਸਿਰਫ 3 ਘੰਟਿਆਂ ’ਚ ਪਹੁੰਚ ਗਏ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਕੇਟ ਰੂਬਿੰਸ ਅਤੇ ਰੂਸੀ ਪੁਲਾੜ ਏਜੰਸੀ ਰਾਸਕਾਸਮਾਸ ਦੇ ਸਰਜੇ ਕੁਦ-ਸਵਰਚਕੋਵ ਅਤੇ ਸਰਜੇ ਰੀਝਿਕੋਵ ਨੇ ਬੁੱਧਵਾਰ ਨੂੰ ਸਵੇਰੇ ਕਜਾਕਿਸਤਾਨ ਦੇ ਬਾਇਕੋਨੂਰ ਪੁਲਾੜ ਸਟੇਸ਼ਨ ਤੋਂ ਉਡਾਣ ਭਰੀ। ਤਿੰਨੋਂ ਪੁਲਾੜ ਯਾਤਰੀ ਆਈ. ਐੱਸ. ਐੱਸ. ’ਤੇ 6 ਮਹੀਨੇ ਬਿਤਾਉਣਗੇ। ਇਸ ਤੋਂ ਪਹਿਲਾਂ ਪੁਲਾੜ ਸਟੇਸ਼ਨ ’ਤੇ ਪਹੁੰਚਣ ’ਚ ਦੁੱਗਣਾ ਸਮਾਂ ਲਗਦਾ ਸੀ। ਤਿਨੋਂ ਪੁਲਾੜ ਯਾਤਰੀ ਸਟੇਸ਼ਨ ਦੇ ਕਮਾਂਡਰ ਕ੍ਰਿਸ ਕੈਸੀਡੀ ਦੀ ਅਗਵਾਈ ’ਚ ਕੰਮ ਕਰਨਗੇ।
ਆਈ. ਐੱਸ. ਐੱਸ. ਲਈ ਰਵਾਨਾ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ’ਚ ਰੂਬਿੰਸ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਣ ਲਈ ਕਰੂ ਦੇ ਮੈਂਬਰਾਂ ਨੇ ਮਾਸਕੋ ਦੇ ਬਾਹਰ ਸਥਿਤ ਸਿਖਲਾਈ ਕੇਂਦਰ ਅਤੇ ਉਸਦੇ ਬਾਅਦ ਬਾਇਕੋਨੂਰ ’ਚ ਇਕਾਂਤਵਾਸ ’ਚ ਰਹੇ।