ਰੂਸ ਨੇ ਚੀਨ ਪ੍ਰਤੀ ''ਭੜਕਾਊ'' ਕਦਮਾਂ ਵਿਰੁੱਧ ਅਮਰੀਕਾ ਨੂੰ ਦਿੱਤੀ ਚਿਤਾਵਨੀ

Friday, Jul 29, 2022 - 11:26 PM (IST)

ਮਾਸਕੋ-ਤਾਈਵਾਨ ਨੂੰ ਲੈ ਕੇ ਤਣਾਅ ਦਰਮਿਆਨ ਰੂਸ ਨੇ ਚੀਨ ਦਾ ਜ਼ੋਰਦਾਰ ਸਮਰਥਨ ਕਰਦੇ ਹੋਏ ਸ਼ੁੱਕਰਵਾਰ ਨੂੰ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਵੀ 'ਭੜਕਾਊ' ਕਦਮ ਨਾਲ ਹਾਲਾਤ ਵਿਗੜ ਸਕਦੇ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਫੋਨ 'ਤੇ ਗੱਲਬਾਤ ਦੌਰਾਨ ਤਾਈਵਾਨ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਨੂੰ ਲੈ ਕੇ ਚਿਤਾਵਨੀ ਦਿੱਤੀ। ਇਸ ਦੇ ਬਾਰੇ 'ਚ ਪੁੱਛੇ ਜਾਣ 'ਤੇ ਰੂਸ ਦੇ ਰਾਸ਼ਟਰਪਤੀ ਦਫ਼ਤਰ 'ਕ੍ਰੈਮਲਿਨ' ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰੂਸ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਮਰਥਨ ਕਰਦਾ ਹੈ।

ਪੇਸਕੋਵ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਕਿਸੇ ਹੋਰ ਦੇਸ਼ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਸਾਰਿਆਂ ਨੂੰ ਮੁਸ਼ਕਲ 'ਚ ਪਾਵੇ ਜਾਂ ਕੋਈ ਭੜਕਾਊ ਕਦਮ ਚੁੱਕੇ। ਉਨ੍ਹਾਂ ਨੇ ਅਮਰੀਕਾ ਨੂੰ 'ਵਿਨਾਸ਼ਕਾਰੀ' ਕਦਮਾਂ ਵਿਰੁੱਧ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਸਮੇਂ ਜਦ ਦੁਨੀਆ ਕਈ ਮੁੱਦਿਆਂ ਨਾਲ ਜੂਝ ਰਹੀ ਹੈ, ਇਸ ਤਰ੍ਹਾਂ ਦੇ ਵਿਵਹਾਰ ਨਾਲ 'ਅੰਤਰਰਾਸ਼ਟਰੀ ਪੱਧਰ' 'ਤੇ ਸਿਰਫ ਤਣਾਅ ਹੀ ਵਧੇਗਾ। ਪੇਸਕੋਵ ਦੇ ਬਿਆਨ ਨਾਲ ਰੂਸ ਅਤੇ ਚੀਨ ਦਰਮਿਆਨ ਕਰੀਬੀ ਸਬੰਧਾਂ ਦੀ ਪੁਸ਼ਟੀ ਹੁੰਦੀ ਹੈ ਜੋ ਕਿ 24 ਫਰਵਰੀ ਨੂੰ ਯੂਕ੍ਰੇਨ 'ਚ ਰੂਸ ਦੇ ਫੌਜੀਆਂ ਦੇ ਹਮਲੇ ਤੋਂ ਬਾਅਦ ਤੋਂ ਹੋਰ ਮਜਬੂਤ ਹੋਏ ਹਨ।

ਚੀਨ ਨੇ ਹੁਣ ਤੱਕ ਰੂਸ ਦੀ ਕਾਰਵਾਈ ਦੀ ਨਿੰਦਾ ਨਹੀਂ ਕੀਤੀ ਹੈ ਸਗੋਂ ਅਮਰੀਕਾ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) 'ਤੇ ਰੂਸ ਨੂੰ ਭੜਕਾਉਣ ਦਾ ਦੋਸ਼ ਲਾਇਆ ਹੈ। ਚੀਨੀ ਸਰਕਾਰ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਸ਼ੀ ਅਤੇ ਬਾਈਡੇਨ ਦਰਮਿਆਨ ਗੱਲਬਾਤ 'ਚ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਈਵਾਨ ਦੀ ਪ੍ਰਸਤਾਵਿਤ ਯਾਤਰਾ ਨੂੰ ਲੈ ਕੇ ਕੋਈ ਚਰਚਾ ਹੋਈ।
 


Karan Kumar

Content Editor

Related News