ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ ''ਤੇ ਕੀਤਾ ਡਰੋਨ ਹਮਲਾ ! 2 ਲੋਕਾਂ ਦੀ ਗਈ ਜਾਨ
Monday, Nov 03, 2025 - 09:30 AM (IST)
ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਦੱਖਣ-ਪੱਛਮੀ ਓਡੇਸਾ ਇਲਾਕੇ ਵਿਚ ਰੂਸ ਵੱਲੋਂ ਕੀਤੇ ਗਏ ਇਕ ਡਰੋਨ ਹਮਲੇ ’ਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਰੂਸ ਯੂਕ੍ਰੇਨ ਦੇ ਊਰਜਾ ਬੁਨਿਆਦੀ ਢਾਂਚੇ ’ਤੇ ਆਪਣੇ ਹਮਲੇ ਜਾਰੀ ਰੱਖ ਰਿਹਾ ਹੈ।
ਦੇਸ਼ ਦੇ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਅਨੁਸਾਰ ਐਤਵਾਰ ਤੜਕੇ ਯੂਕ੍ਰੇਨ ਦੇ ਕਾਲਾ ਸਾਗਰ ਤੱਟ ’ਤੇ ਓਡੇਸਾ ਇਲਾਕੇ ਵਿਚ ਰੂਸ ਨੇ ਡਰੋਨ ਨਾਲ ਇਕ ਕਾਰ ਪਾਰਕਿੰਗ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਓਡੇਸਾ ਦੇ ਖੇਤਰੀ ਗਵਰਨਰ ਓਲੇਹ ਕਿਪਰ ਨੇ ਦੱਸਿਆ ਕਿ ਹਮਲੇ ਵਿਚ 3 ਹੋਰ ਲੋਕ ਜ਼ਖਮੀ ਹੋ ਗਏ ਹਨ। ਰੂਸ ਵੱਲੋਂ ਜ਼ਾਪੋਰਿਜ਼ੀਆ ਇਲਾਕੇ ’ਤੇ ਡਰੋਨ ਅਤੇ ਮਿਜ਼ਾਈਲ ਹਮਲੇ ਸ਼ੁਰੂ ਕਰਨ ਤੋਂ ਬਾਅਦ ਬਹੁਤ ਸਾਰੇ ਨਿਵਾਸੀ ਬਿਜਲੀ ਤੋਂ ਬਿਨਾਂ ਰਹਿ ਗਏ।
ਇਹ ਵੀ ਪੜ੍ਹੋ- 121 ਲੋਕਾਂ ਦਾ ਐਨਕਾਊਂਟਰ ! ਦੁਨੀਆ ਦੇ ਸਭ ਤੋਂ ਵੱਡੀ ਪੁਲਸ ਕਾਰਵਾਈ ਮਗਰੋਂ ਦੇਸ਼ 'ਚ ਮਚਿਆ ਹੰਗਾਮਾ
ਰੂਸ ਦੀ ਤੁਆਪਸੇ ਬੰਦਰਗਾਹ ’ਤੇ ਹਮਲਾ, ਤੇਲ ਟੈਂਕਰ ਨੂੰ ਲੱਗੀ ਅੱਗ
ਇਸ ਦੌਰਾਨ ਖੇਤਰੀ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਕ ਯੂਕ੍ਰੇਨੀ ਡਰੋਨ ਹਮਲੇ ’ਚ ਰੂਸ ਦੀ ਤੁਆਪਸੇ ਬੰਦਰਗਾਹ ’ਤੇ ਇਕ ਤੇਲ ਟੈਂਕਰ ਅਤੇ ਬੁਨਿਆਦੀ ਢਾਂਚੇ ’ਚ ਅੱਗ ਲੱਗ ਗਈ। ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਵਿਚ ਬੰਦਰਗਾਹ ’ਤੇ ਟਰਮੀਨਲ ਢਾਂਚੇ ਅਤੇ ਇਕ ਟੈਂਕਰ ਨੂੰ ਅੱਗ ਲੱਗੀ ਦਿਖਾਈ ਦੇ ਰਹੀ ਹੈ।
ਰੂਸ ਨੇ ਡੇਗੇ 15 ਯੂਕ੍ਰੇਨੀ ਡਰੋਨ
ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ 3 ਘੰਟਿਆਂ ਦੇ ਅੰਦਰ 15 ਯੂਕ੍ਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ। ਇਹ ਸਾਰੇ ਡਰੋਨ ਕ੍ਰਾਸਨੋਦਰ ਇਲਾਕੇ ਅਤੇ ਕਾਲਾ ਸਾਗਰ ਉੱਤੇ ਉੱਡ ਰਹੇ ਸਨ। ਰੂਸੀ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਰੂਸੀ ਰੱਖਿਆ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਕਾਲਾ ਸਾਗਰ ਦੇ ਉੱਤਰ-ਪੱਛਮੀ ਹਿੱਸੇ ’ਚ ਰੂਸੀ ਬਲੈਕ ਸੀ ਫਲੀਟ ਨੇ 6 ਮਨੁੱਖ ਰਹਿਤ ਕਿਸ਼ਤੀਆਂ ਨੂੰ ਨਸ਼ਟ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜ਼ਬਰਦਸਤ ਧਮਾਕਾ ! ਇਕ-ਇਕ ਕਰ 23 ਲੋਕਾਂ ਦੀ ਗਈ ਜਾਨ
