ਯੂਕ੍ਰੇਨ ''ਤੇ ਇਕ ਵਾਰ ਫ਼ਿਰ ਰੂਸ ਦਾ ਵੱਡਾ ਹਮਲਾ ! 4 ਲੋਕਾਂ ਦੀ ਮੌਤ
Wednesday, Sep 23, 2026 - 09:02 AM (IST)
ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਰੂਸ ਨੇ ਮੰਗਲਵਾਰ ਨੂੰ ਪੂਰੀ ਰਾਤ ਯੂਕ੍ਰੇਨ ਦੇ ਘੱਟੋ-ਘੱਟ 4 ਖੇਤਰਾਂ ’ਚ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ, ਜਿਨ੍ਹਾਂ ’ਚ 4 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ, ਯੂਕ੍ਰੇਨੀ ਸੁਰੱਖਿਆ ਬਲਾਂ ਨੇ ਲੰਬੀ ਦੂਰੀ ਦੇ ਹਮਲੇ ’ਚ ਰੂਸ ਦੀ ਇਕ ਹੋਰ ਤੇਲ ਰਿਫਾਇਰੀ ਨੂੰ ਨਿਸ਼ਾਨਾ ਬਣਾਇਆ।
ਜ਼ੇਲੈਂਸਕੀ ਇਸ ਵੇਲੇ ਨਿਊਯਾਰਕ ’ਚ ਹਨ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਟਰੰਪ ਸਮੇਤ ਵਿਸ਼ਵ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰਨ ਵਾਲੇ ਹਨ। ਯੂਕ੍ਰੇਨੀ ਨੇਤਾ ਰੂਸ ਦੀ ਸਾਢੇ ਚਾਰ ਸਾਲ ਤੋਂ ਵੱਧ ਸਮੇਂ ਤੋਂ ਜਾਰੀ ਪੂਰਨ ਫ਼ੌਜੀ ਮੁਹਿੰਮ ਨੂੰ ਖ਼ਤਮ ਕਰਨ ਲਈ ਵਿਸ਼ਵ ਨੇਤਾਵਾਂ ਤੋਂ ਮਦਦ ਦੀ ਉਮੀਦ ਕਰ ਰਹੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸਾਲਾਨਾ ਬੈਠਕ ’ਚ ਸ਼ਾਮਲ ਨਹੀਂ ਹੋਣਗੇ।
ਪੱਛਮੀ ਅਧਿਕਾਰੀਆਂ ਅਨੁਸਾਰ ਇਸ ਜੰਗ ’ਚ 5 ਲੱਖ ਤੋਂ ਵੱਧ ਰੂਸੀ ਫੌਜੀਆਂ ਦੀ ਮੌਤ ਹੋਈ ਹੈ। ਇਸ ਦੇ ਗਲੋਬਲ ਪੱਧਰ ’ਤੇ ਵੀ ਪ੍ਰਭਾਵ ਪਏ ਹਨ। ਟਰੰਪ ਅਨੁਸਾਰ ਮਾਸਕੋ ਵੱਲੋਂ ਯੂਕ੍ਰੇਨ ਦੇ ਊਰਜਾ ਢਾਂਚੇ ’ਤੇ ਹਮਲਿਆਂ ਤੋਂ ਬਾਅਦ ਰੂਸ ਦੀਆਂ ਰਿਫਾਇਰੀਆਂ ’ਤੇ ਹੋਏ ਲਗਾਤਾਰ ਹਮਲਿਆਂ ਨਾਲ ਡੀਜ਼ਲ ਦੀ ਅੰਤਰਰਾਸ਼ਟਰੀ ਘਾਟ ਅਤੇ ਕੀਮਤਾਂ ’ਚ ਵਾਧਾ ਹੋਇਆ ਹੈ। ਹਾਲਾਂਕਿ, ਗਲੋਬਲ ਤੇਲ ਸੰਕਟ ’ਤੇ ਈਰਾਨ ਜੰਗ ਕਾਰਨ ਹੋਰਮੁਜ਼ ਸਟ੍ਰੇਟ ਤੋਂ ਤੇਲ ਸਪਲਾਈ ਪ੍ਰਭਾਵਿਤ ਹੋਣ ਦਾ ਵੀ ਅਸਰ ਪਿਆ ਹੈ।
