ਰੂਸ ’ਚ ਬਰਫ਼ ਖਿਸਕੀ, 11 ਪਰਬਤਾਰੋਹੀਆਂ ਦੀ ਮੌਤ, 33 ਲੋਕਾਂ ਦੇ ਗਰੁੱਪ ’ਤੇ ਡਿੱਗੀ ਬਰਫ਼, 6 ਲਾਪਤਾ
Tuesday, Sep 08, 2026 - 08:15 PM (IST)
ਮਾਸਕੋ, (ਇੰਟ.)-ਰੂਸ ਦੇ ਮਾਊਂਟ ਮਿਜ਼ਹਿਰਗੀ ’ਤੇ ਐਤਵਾਰ ਸ਼ਾਮ ਬਰਫ਼ ਖਿਸਕਣ ਕਾਰਨ 11 ਪਰਬਤਾਰੋਹੀਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਮੁਤਾਬਕ 33 ਪਰਬਤਾਰੋਹੀਆਂ ਦਾ ਇਕ ਗਰੁੱਪ ਜਦੋਂ ਪਹਾੜ ’ਤੇ ਚੜ੍ਹਾਈ ਕਰ ਰਿਹਾ ਸੀ, ਉਦੋਂ ਹੀ ਅਚਾਨਕ ਵੱਡੀ ਮਾਤਰਾ ’ਚ ਬਰਫ਼ ਖਿਸਕ ਕੇ ਉਨ੍ਹਾਂ ਦੇ ਉੱਪਰ ਆ ਡਿੱਗੀ। ਕਈ ਲੋਕ ਬਰਫ਼ ਹੇਠ ਦੱਬੇ ਗਏ। 10 ਪਰਬਤਾਰੋਹੀ ਕਿਸੇ ਤਰ੍ਹਾਂ ਸੁਰੱਖਿਅਤ ਹੇਠਾਂ ਉਤਰ ਆਏ। ਉੱਥੇ ਹੀ 6 ਲੋਕ ਅਜੇ ਵੀ ਲਾਪਤਾ ਹਨ। ਬਚਾਅ ਟੀਮ ਉਨ੍ਹਾਂ ਦੀ ਭਾਲ ’ਚ ਲੱਗੀ ਹੋਈ ਹੈ।
ਲਾਪਤਾ ਲੋਕਾਂ ਨੂੰ ਲੱਭਣ ਲਈ 50 ਤੋਂ ਵੱਧ ਬਚਾਅ ਕਰਮਚਾਰੀ ਮੁਹਿੰਮ ’ਚ ਲੱਗੇ ਹੋਏ ਹਨ। ਪਹਾੜੀ ਇਲਾਕਾ ਬੇਹੱਦ ਔਖਾ ਹੈ ਅਤੇ ਉੱਥੇ ਦੁਬਾਰਾ ਬਰਫ਼ ਖਿਸਕਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਵਜ੍ਹਾ ਕਰ ਕੇ ਬਚਾਅ ਟੀਮ ਸਾਵਧਾਨੀ ਨਾਲ ਭਾਲ ਕਰ ਰਹੀ ਹੈ। ਮਾਊਂਟ ਮਿਜ਼ਹਿਰਗੀ ਦੀ ਉੱਚਾਈ ਲੱਗਭਗ 5025 ਮੀਟਰ ਹੈ। ਇਹ ਰੂਸ ਦੇ ਉੱਤਰੀ ਕਾਕੇਸ਼ਸ ਦੇ ਕਾਬਾਰਡੀਨੋ-ਬਾਲਕਾਰੀਆ ਇਲਾਕੇ ’ਚ ਗ੍ਰੇਟਰ ਕਾਕੇਸ਼ਸ ਪਰਬਤ ਲੜੀ ਦਾ ਹਿੱਸਾ ਹੈ। ਇਹ ਇਲਾਕਾ ਪਰਬਤਾਰੋਹੀਆਂ ਵਿਚਕਾਰ ਉੱਚੀਆਂ ਚੋਟੀਆਂ ਅਤੇ ਚੁਣੌਤੀਪੂਰਨ ਚੜ੍ਹਾਈ ਲਈ ਜਾਣਿਆ ਜਾਂਦਾ ਹੈ।
