ਭਾਰਤ, ਕਤਰ ਸਣੇ 4 ਦੇਸ਼ਾਂ ਨਾਲ ਹਵਾਈ ਯਾਤਰਾ ਮੁੜ ਬਹਾਲ ਕਰੇਗਾ ਰੂਸ

Saturday, Jan 16, 2021 - 07:10 PM (IST)

ਭਾਰਤ, ਕਤਰ ਸਣੇ 4 ਦੇਸ਼ਾਂ ਨਾਲ ਹਵਾਈ ਯਾਤਰਾ ਮੁੜ ਬਹਾਲ ਕਰੇਗਾ ਰੂਸ

ਮਾਸਕੋ- ਰੂਸ ਨੇ ਭਾਰਤ ਸਣੇ ਚਾਰ ਦੇਸ਼ਾਂ ਨਾਲ ਹਵਾਈ ਯਾਤਰਾ ਮੁੜ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਰੂਸ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਮਾਰੀ ਦੇ ਸ਼ੁਰੂ ਦੇ ਹਫ਼ਤਿਆਂ ਵਿਚ ਮਾਸਕੋ ਨੇ ਫਿਨਲੈਂਡ, ਵੀਅਤਨਾਮ, ਭਾਰਤ ਅਤੇ ਕਤਰ ਦੀਆਂ ਰਾਜਧਾਨੀ ਨਾਲ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ, ਜੋ ਹੁਣ ਕੁਝ ਮਹਾਮਾਰੀ ਸਬੰਧੀ ਮਾਪਦੰਡ ਪੂਰਾ ਕਰਨ ਤੋਂ ਬਾਅਦ 27 ਜਨਵਰੀ ਤੋਂ ਮੁੜ ਸ਼ੁਰੂ ਹੋਣਗੀਆਂ।

ਭਾਰਤ, ਫਿਨਲੈਂਡ, ਵੀਅਤਨਾਮ ਅਤੇ ਕਤਰ ਵਿਚ ਕੋਰੋਨਾ ਮਾਮਲਿਆਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਯਾਤਰਾ ਨੂੰ ਕੁਝ ਨਿਯਮ ਜ਼ਰੂਰੀ ਕਰਨ ਦੇ ਨਾਲ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰੂਸ ਦੀ ਸਰਕਾਰ ਦੇ ਕੋਰੋਨਾ ਵਾਇਰਸ ਮੁੱਖ ਦਫ਼ਤਰ ਦੀ ਇਕ ਬੈਠਕ ਤੋਂ ਬਾਅਦ ਸਾਂਝੇ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਕਤ ਚਾਰ ਦੇਸ਼ਾਂ ਵਿਚ ਹਰ 15 ਦਿਨਾਂ ਵਿਚ ਪ੍ਰਤੀ 1 ਲੱਖ ਲੋਕਾਂ ਵਿਚ 40 ਤੋਂ ਵੀ ਘੱਟ ਮਾਮਲੇ ਦੇਖੇ ਜਾ ਰਹੇ ਹਨ। ਰਸ਼ੀਅਨ ਨਿਊਜ਼ ਏਜੰਸੀ ਮੁਤਾਬਕ, ਮਾਸਕੋ-ਨਵੀਂ ਦਿੱਲੀ ਦਰਮਿਆਨ ਹਫ਼ਤੇ ਵਿਚ ਦੋ ਵਾਰ ਉਡਾਣ ਸੇਵਾ ਹੋਵੇਗੀ।

ਗੌਰਤਲਬ ਹੈ ਕਿ ਸ਼ਨੀਵਾਰ ਨੂੰ ਰੂਸ ਵਿਚ 24,092 ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਕੀਤੇ ਗਏ, ਜਦੋਂ ਕਿ 590 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮਹਾਮਾਰੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਰੂਸ 3,544,623 ਕੋਰੋਨਾ ਵਾਇਰਸ ਮਾਮਲੇ ਅਤੇ ਕੁੱਲ 65,058 ਮੌਤਾਂ ਦਰਜ ਕਰ ਚੁੱਕਾ ਹੈ।


author

Sanjeev

Content Editor

Related News