ਰੂਸ ’ਚ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ

Saturday, Jul 17, 2021 - 01:43 AM (IST)

ਇੰਟਰਨੈਸ਼ਨਲ ਡੈਸਕ : ਰੂਸ ’ਚ ਐਮਰਜੈਂਸੀ ਸੇਵਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ, ਜੋ ਸਾਈਬੇਰੀਆ ’ਚ ਲਾਪਤਾ ਹੋ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ’ਚ ਸਵਾਰ ਸਾਰੇ 17 ਯਾਤਰੀ ਤੇ ਚਾਲਕ ਦੇ ਮੈਂਬਰ ਸੁਰੱਖਿਅਤ ਹਨ। ਰੂਸੀ ਐਮਰਜੈਂਸੀ ਮੰਤਰਾਲਾ ਦੀ ਖੇਤਰੀ ਬ੍ਰਾਂਚ ਨੇ ਪਹਿਲਾਂ ਕਿਹਾ ਸੀ ਕਿ ਏ. ਐੱਨ. 28 ਜਹਾਜ਼ ਸ਼ੁੱਕਰਵਾਰ ਨੂੰ ਪੱਛਮੀ ਸਾਈਬੇਰੀਆ ਦੇ ਟੋਮਸਕ ਖੇਤਰ ’ਚ ਗਾਇਬ ਹੋ ਗਿਆ। ਉਸ ਨੇ ਕਿਹਾ ਕਿ ਜਹਾਜ਼ ਦੇ ਦੋ ਇੰਜਣਾਂ ’ਚੋਂ ਇਕ ਦੇ ਖਰਾਬ ਹੋਣ ਤੋਂ ਬਾਅਦ ਉਸ ਨੂੰ ਮਜਬੂਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਏ. ਐੱਨ. 28 ਸੋਵੀਅਤ ਡਿਜ਼ਾਈਨ ਵਾਲਾ ਟਰਬੋਪ੍ਰੌਪ ਜਹਾਜ਼ ਹੈ, ਜੋ ਥੋੜ੍ਹੀ ਦੂਰੀ ਦੀ ਉਡਾਣ ਲਈ ਵਰਤਿਆ ਜਾਂਦਾ ਹੈ। ਰੂਸ ਤੇ ਕੁਝ ਹੋਰ ਦੇਸ਼ਾਂ ’ਚ ਬਜਟ ਏਅਰਲਾਈਨਜ਼ ਵੱਲੋਂ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਜਹਾਜ਼ ਸਥਾਨਕ ਸਿਲਾ ਏਅਰਲਾਈਨ ਦਾ ਸੀ ਤੇ ਕੇਡ੍ਰੋਬੋਯ ਤੋਂ ਟੋਮਸਕ ਸ਼ਹਿਰ ਜਾ ਰਿਹਾ ਸੀ।

ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ

ਜ਼ਿਕਰਯੋਗ ਹੈ ਕਿ ਤਕਰੀਬਨ 10 ਦਿਨ ਪਹਿਲਾਂ ਵੀ ਇਕ ਰੂਸੀ ਜਹਾਜ਼ ਲਾਪਤਾ ਹੋ ਗਿਆ ਸੀ, ਜਿਸ ’ਚ ਚਾਲਕ ਦਲ ਸਮੇਤ 28 ਯਾਤਰੀ ਸਵਾਰ ਸਨ। ਇਹ ਜਹਾਜ਼ ਰੂਸ ਦੇ ਦੂਰ-ਦੁਰਾਡੇ ਇਲਾਕੇ ਕਾਮਚਟਕਾ ਟਾਪੂ ’ਚ ਤਕਰੀਬਨ 28 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ। ਇਸ ਏ. ਐੱਨ.-26 ਜਹਾਜ਼ ਦਾ ਹਵਾਈ ਆਵਾਜਾਈ ਕੰਟਰੋਲ ਨਾਲੋਂ ਸੰਪਰਕ ਟੁੱਟ ਗਿਆ, ਜਦੋਂ ਉਹ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਬਾਅਦ ’ਚ ਉਸੇ ਦਿਨ ਸ਼ਾਮ ਨੂੰ ਨੇੜਲੇ ਸਮੁੰਦਰ ਤੱਟ ਤੋਂ ਜਹਾਜ਼ ਦਾ ਮਲਬਾ ਮਿਲਿਆ ਸੀ। ਇਸ ਹਾਦਸੇ ’ਚ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਪਾਕਿਸਤਾਨੀ ਪੰਜਾਬ ’ਚ 7 ਮਹੀਨਿਆਂ ਦੌਰਾਨ ਆਨਰ ਕਿਲਿੰਗ ਦੀ ਭੇਟ ਚੜ੍ਹੀਆਂ 81 ਜਨਾਨੀਆਂ

 


Manoj

Content Editor

Related News