ਕੀਵ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ, ਰੂਸ ਨੇ ਦਾਗੀਆਂ 83 ਮਿਜ਼ਾਈਲਾਂ (ਤਸਵੀਰਾਂ)

10/11/2022 10:12:48 AM

ਕੀਵ (ਭਾਸ਼ਾ)- ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲਤਨ ਸ਼ਾਂਤ ਮਾਹੌਲ ਤੋਂ ਬਾਅਦ ਸੋਮਵਾਰ ਨੂੰ ਯੂਕ੍ਰੇਨ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੋਇਆ। ਰਾਜਧਾਨੀ ਕੀਵ ਸਮੇਤ ਇਸ ਦੇ ਕਈ ਸ਼ਹਿਰਾਂ ’ਤੇ 83 ਮਿਜ਼ਾਈਲਾਂ ਦਾਗੀਆਂ ਗਈਆਂ। ਯੂਕ੍ਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਰੋਸਤਿਸਲਾਵ ਸਿਮਰਨੋਵ ਨੇ ਦੱਸਿਆ ਕਿ ਹਮਲੇ ’ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 57 ਹੋਰ ਜ਼ਖਮੀ ਹੋ ਗਏ।

PunjabKesari

ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਕ੍ਰੇਨ ਵਾਸੀਆਂ ਨੂੰ ਮਜ਼ਬੂਤੀ ਨਾਲ ਡਟੇ ਰਹਿਣ ਦੀ ਅਪੀਲ ਕਰਦੇ ਹੋਏ ਆਪਣੇ ਟੈਲੀਗ੍ਰਾਮ ਅਕਾਊਂਟ ’ਤੇ ਕਿਹਾ ਕਿ ਰੂਸ ਸਾਨੂੰ ਤਬਾਹ ਕਰਨ ਅਤੇ ਧਰਤੀ ਤੋਂ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੀਵ ਦੇ ਮੇਅਰ ਵਿਤਾਲੀ ਕਲੀਚਕੋ ਨੇ ਕੀਵ ਦੇ ਸ਼ੇਵਚੇਂਕੋ ’ਚ ਧਮਾਕਾ ਹੋਣ ਦੀ ਜਾਣਕਾਰੀ ਦਿੱਤੀ। ਇਸ ਇਲਾਕੇ ’ਚ ਕਈ ਸਰਕਾਰੀ ਦਫ਼ਤਰ ਹਨ। ਯੂਕ੍ਰੇਨ ਦੀ ਸੰਸਦ ਮੈਂਬਰ ਲੇਸੀਆ ਵਾਸਿਲੇਂਕੋ ਨੇ ਕੇਂਦਰੀ ਕੀਵ ’ਚ ਕੀਵ ਨੈਸ਼ਨਲ ਯੂਨੀਵਰਸਿਟੀ ਦੀ ਮੁੱਖ ਇਮਾਰਤ ਦੇ ਨੇੜੇ ਧਮਾਕੇ ਦੀ ਇਕ ਫੋਟੋ ਟਵੀਟ ਕੀਤੀ।

PunjabKesari

ਕੀਵ ’ਚ ਐਮਰਜੈਂਸੀ ਸੇਵਾਵਾਂ ਦੀ ਬੁਲਾਰਾ ਸਵਿਤਲਾਨਾ ਵੋਦੋਲਾਗਾ ਨੇ ਦੱਸਿਆ ਕਿ ਕਈ ਲੋਕ ਮਾਰੇ ਗਏ ਹਨ ਅਤੇ ਬਚਾਅ ਕਰਮਚਾਰੀ ਵੱਖ-ਵੱਖ ਥਾਵਾਂ ’ਤੇ ਕੰਮ ਕਰ ਰਹੇ ਹਨ। ਰੂਸ ਨੇ ਯੂਕ੍ਰੇਨ ’ਚ ਕਈ ਨਾਗਰਿਕ ਖੇਤਰਾਂ ਅਤੇ ਊਰਜਾ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਖਾਰਕੀਵ ਦੇ ਮੇਅਰ ਇਹੋਰ ਤੇਰੇਖੋਵ ਨੇ ਦੱਸਿਆ ਕਿ ਖਾਰਕੀਵ ’ਚ 3 ਵਾਰ ਹਮਲਾ ਕੀਤਾ ਗਿਆ, ਜਿਸ ਨਾਲ ਬਿਜਲੀ ਅਤੇ ਪਾਣੀ ਦੀ ਸਪਲਾਈ ’ਚ ਵਿਘਨ ਪਿਆ। ਇਸ ਤੋਂ ਪਹਿਲਾਂ ਜੂਨ ’ਚ ਕੀਵ ’ਚ ਹਮਲਾ ਹੋਇਆ ਸੀ। ਪਹਿਲਾਂ ਹਮਲਿਆਂ ਨੇ ਕੀਵ ਦੇ ਬਾਹਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਸੀ, ਪਰ ਇਸ ਵਾਰ ਸ਼ਹਿਰ ਦੇ ਮੱਧ ’ਚ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਜਰਮਨੀ ਨੇ ਪਾਕਿਸਤਾਨ ਦੀ ਸ਼ੈਅ 'ਤੇ ਅਲਾਪਿਆ ਕਸ਼ਮੀਰ ਰਾਗ, ਭਾਰਤ ਤੋਂ ਮਿਲਿਆ ਕਰਾਰਾ ਜਵਾਬ

ਯੂਕ੍ਰੇਨੀ ਮੀਡੀਆ ਨੇ ਲਵੀਵ, ਤੇਰਨੋਪਿਲ, ਖਮੇਲਨਿਤਸਕੀ, ਜਿਤੋਮੀਰ ਅਤੇ ਕ੍ਰੋਪਿਵਨਿਤਸਕੀ ਸਮੇਤ ਕਈ ਹੋਰ ਥਾਵਾਂ ’ਤੇ ਵੀ ਧਮਾਕਿਆਂ ਦੀ ਜਾਣਕਾਰੀ ਦਿੱਤੀ ਹੈ। ਹਾਲ ਹੀ ’ਚ, ਜ਼ਪੋਰਿਜ਼ੀਆ ਸਮੇਤ ਕ੍ਰੀਮੀਆ ਦੇ ਉੱਤਰ ’ਚ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰੂਸ ਨੇ ਸ਼ਨੀਵਾਰ ਨੂੰ ਜ਼ਪੋਰਿਜ਼ੀਆ ’ਤੇ 6 ਮਿਜ਼ਾਈਲਾਂ ਦਾਗੀਆਂ। ਇਹ ਹਮਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਆਪਣੀ ਸੁਰੱਖਿਆ ਪ੍ਰੀਸ਼ਦ ਨਾਲ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਹੋਏ ਹਨ। ਯੂਕ੍ਰੇਨ ’ਤੇ ਰੂਸ ਦੇ ਹਮਲੇ ਨੂੰ 8 ਮਹੀਨੇ ਪੂਰੇ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਪੁਤਿਨ ਨੇ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਪੁਲ ’ਤੇ ਹਮਲੇ ਨੂੰ ਯੂਕ੍ਰੇਨ ਦੀਆਂ ਵਿਸ਼ੇਸ਼ ਸੇਵਾਵਾਂ ਵਲੋਂ ਕੀਤੀ ਗਈ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News