ਯੁੱਧ ਦਾ 12ਵਾਂ ਦਿਨ: ਰੂਸ ਨੇ ਯੂਕ੍ਰੇਨ ''ਤੇ ਹਮਲੇ ਕੀਤੇ ਤੇਜ਼, Netflix ਨੇ ਚੁੱਕਿਆ ਇਹ ਕਦਮ

Monday, Mar 07, 2022 - 10:06 AM (IST)

ਯੁੱਧ ਦਾ 12ਵਾਂ ਦਿਨ: ਰੂਸ ਨੇ ਯੂਕ੍ਰੇਨ ''ਤੇ ਹਮਲੇ ਕੀਤੇ ਤੇਜ਼, Netflix ਨੇ ਚੁੱਕਿਆ ਇਹ ਕਦਮ

ਲਿਵ (ਭਾਸ਼ਾ)- ਯੂਕ੍ਰੇਨ ਦੇ ਮੱਧ, ਉੱਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਸਥਿਤ ਸ਼ਹਿਰਾਂ ਵਿੱਚ ਰੂਸੀ ਫ਼ੌਜਾਂ ਨੇ ਗੋਲੀਬਾਰੀ ਤੇਜ਼ ਕਰ ਦਿੱਤੀ ਹੈ। ਯੂਕ੍ਰਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਗੋਲਾਬਾਰੀ ਕਾਰਨ ਉਥੇ ਫਸੇ ਨਾਗਰਿਕਾਂ ਨੂੰ ਬਚਾਉਣ ਦੀ ਦੂਜੀ ਕੋਸ਼ਿਸ਼ ਵੀ ਅਸਫਲ ਰਹੀ। ਯੂਕ੍ਰੇਨ ਦੇ ਨੇਤਾ ਨੇ ਆਪਣੇ ਲੋਕਾਂ ਨੂੰ ਲੜਨ ਲਈ ਸੜਕਾਂ 'ਤੇ ਉਤਰਨ ਦੀ ਅਪੀਲ ਕੀਤੀ ਹੈ। ਉੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸੀ ਹਮਲਿਆਂ ਨੂੰ "ਸਿਰਫ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਕੀਵ ਦੁਸ਼ਮਣੀ ਖ਼ਤਮ ਕਰ ਦੇਵੇ।" 

ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਨੇਦੱਸਿਆ ਕਿ ਕੀਵ ਦੇ ਬਾਹਰੀ ਇਲਾਕਿਆਂ ਵਿਚ ਉੱਤਰ ਵਿੱਚ ਚੇਰਨੀਹਿਵ, ਦੱਖਣ ਵਿੱਚ ਮਾਈਕੋਲਾਈਵ ਅਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਐਤਵਾਰ ਦੇਰ ਰਾਤ ਗੋਲਾਬਾਰੀ ਕੀਤੀ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਖਾਰਕਿਵ ਦੇ ਰਿਹਾਇਸ਼ੀ ਇਲਾਕਿਆਂ 'ਚ ਤੋਪਖਾਨੇ ਦੇ ਗੋਲੇ ਦਾਗੇ ਗਏ ਅਤੇ ਗੋਲਾਬਾਰੀ 'ਚ ਇਕ ਟੈਲੀਵਿਜ਼ਨ ਟਾਵਰ ਨੂੰ ਵੀ ਨੁਕਸਾਨ ਪਹੁੰਚਿਆ। ਇਨ੍ਹਾਂ ਹਮਲਿਆਂ ਤੋਂ ਬਾਅਦ ਯੂਕ੍ਰੇਨ ਦੇ ਹੋਰ ਲੋਕਾਂ ਨੂੰ ਜੰਗ ਦੀ ਪਕੜ ਤੋਂ ਬਚਾਉਣ ਦੀ ਉਮੀਦ ਘੱਟ ਗਈ ਹੈ। ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਭੋਜਨ, ਪਾਣੀ, ਦਵਾਈ ਅਤੇ ਲਗਭਗ ਸਾਰੀਆਂ ਹੋਰ ਸਪਲਾਈਆਂ ਦੀ ਬਹੁਤ ਘਾਟ ਹੈ, ਜਿੱਥੇ ਰੂਸੀ ਅਤੇ ਯੂਕ੍ਰੇਨੀ ਬਲਾਂ ਨੇ ਨਾਗਰਿਕਾਂ ਅਤੇ ਜ਼ਖਮੀਆਂ ਨੂੰ ਕੱਢਣ ਲਈ 11 ਘੰਟੇ ਦੀ ਜੰਗਬੰਦੀ ਲਈ ਸਹਿਮਤੀ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਦੀਆਂ ਫ਼ੌਜਾਂ ਯੂਕ੍ਰੇਨ 'ਚ ਅਸਥਾਈ ਤੌਰ 'ਤੇ ਕਰਨਗੀਆਂ ਜੰਗਬੰਦੀ, ਗੱਲਬਾਤ ਦੇ ਤੀਜੇ ਦੌਰ ਦਾ ਵੀ ਐਲਾਨ

ਯੂਕ੍ਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਹਮਲਿਆਂ ਨੇ ਮਾਨਵਤਾਵਾਦੀ ਗਲਿਆਰੇ ਬੰਦ ਕਰ ਦਿੱਤੇ ਹਨ। ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟੋਨ ਗ੍ਰੇਸ਼ਨੇਕੋ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਕੋਈ 'ਗਰੀਨ ਕੋਰੀਡੋਰ' ਨਹੀਂ ਹੋ ਸਕਦਾ, ਕਿਉਂਕਿ ਸਿਰਫ ਰੂਸੀਆਂ ਦਾ ਬਿਮਾਰ ਦਿਮਾਗ ਹੀ ਫ਼ੈਸਲਾ ਕਰਦਾ ਹੈ ਕਿ ਕਦੋਂ ਅਤੇ ਕਿਸ 'ਤੇ ਗੋਲੀਬਾਰੀ ਕਰਨੀ ਹੈ। ਖਾਸ ਕਰਕੇ ਉਨ੍ਹਾਂ ਸ਼ਹਿਰਾਂ ਵਿੱਚ ਜਿਨ੍ਹਾਂ 'ਤੇ ਰੂਸ ਨੇ ਕਬਜ਼ਾ ਕਰ ਲਿਆ ਹੈ। ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਟੈਲੀਵਿਜ਼ਨ 'ਤੇ ਕਿਹਾ ਕਿ ਤੁਸੀਂ ਸੜਕਾਂ 'ਤੇ ਆ ਜਾਓ। ਤੁਸੀਂ ਜੰਗ ਕਰੋ। ਇਹ ਜ਼ਰੂਰੀ ਹੈ ਕਿ  ਇਸ ਦੁਸ਼ਮਣ ਨੂੰ ਸਾਡੇ ਸ਼ਹਿਰਾਂ, ਸਾਡੇ ਦੇਸ਼ ਤੋਂ ਬਾਹਰ ਕੱਢਿਆ ਜਾਵੇ। ਜ਼ੇਲੇਂਸਕੀ ਨੇ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇਸ਼ਾਂ ਨੂੰ ਯੂਕ੍ਰੇਨ ਨੂੰ ਹੋਰ ਲੜਾਕੂ ਜਹਾਜ਼ ਭੇਜਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ, ਉਹਨਾਂ ਨੇ ਪੱਛਮੀ ਦੇਸ਼ਾਂ ਨੂੰ ਰੂਸ 'ਤੇ ਆਪਣੀਆਂ ਪਾਬੰਦੀਆਂ ਨੂੰ ਸਖ਼ਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਲਾਵਰ ਦੀ ਦਲੇਰੀ ਇੱਕ ਸਪੱਸ਼ਟ ਸੰਕੇਤ ਹੈ ਕਿ ਮੌਜੂਦਾ ਪਾਬੰਦੀਆਂ ਕਾਫ਼ੀ ਨਹੀਂ ਹਨ। ਯੂਕ੍ਰੇਨ 'ਤੇ ਰੂਸੀ ਹਮਲੇ ਨੂੰ ਸ਼ੁਰੂ ਹੋਏ 12 ਦਿਨ ਹੋ ਚੁੱਕੇ ਹਨ ਅਤੇ ਹੁਣ ਤੱਕ 15 ਲੱਖ ਲੋਕ ਦੇਸ਼ ਛੱਡ ਚੁੱਕੇ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੇ ਮੁਖੀ ਨੇ ਪਰਵਾਸ ਨੂੰ "ਯੂਰਪ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸ਼ਰਨਾਰਥੀ ਸੰਕਟ" ਦੱਸਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਜ਼ੇਲੇਂਸਕੀ ਨੇ ਅਮਰੀਕਾ ਨੂੰ ਕੀਤੀ 'ਭਾਵਨਾਤਮਕ' ਅਪੀਲ, ਕਿਹਾ-ਹੋਰ ਜਹਾਜ਼ ਭੇਜੋ

ਯੂਕ੍ਰੇਨ ਵਿਵਾਦ 'ਤੇ ਪੁਤਿਨ ਨੇ ਬੇਨੇਟ ਨਾਲ ਕੀਤੀ ਗੱਲਬਾਤ 
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਯੂਕ੍ਰੇਨ ਦੀ ਸਥਿਤੀ 'ਤੇ ਚਰਚਾ ਕੀਤੀ। ਕ੍ਰੇਮਲਿਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕ੍ਰੇਮਲਿਨ ਮੁਤਾਬਕ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਨੇ ਮਾਸਕੋ 'ਚ ਮੁਲਾਕਾਤ ਤੋਂ ਬਾਅਦ ਫੋਨ 'ਤੇ ਗੱਲਬਾਤ ਕੀਤੀ। ਕ੍ਰੇਮਲਿਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਡੋਨਾਬਾਸ ਦੀ ਰੱਖਿਆ ਲਈ ਰੂਸ ਦੇ ਵਿਸ਼ੇਸ਼ ਫੌਜੀ ਆਪ੍ਰੇਸ਼ਨ ਬਾਰੇ ਵਿਸਤ੍ਰਿਤ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਰਹੇ, ਜਿਸ ਵਿਚ ਕਈ ਰਾਜਾਂ ਦੇ ਨੇਤਾਵਾਂ ਨਾਲ ਨਫਤਾਲੀ ਬੇਨੇਟ ਦੇ ਹਾਲ ਹੀ ਦੇ ਸੰਪਰਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ। ਦੋਵਾਂ ਆਗੂਆਂ ਨੇ ਆਉਣ ਵਾਲੇ ਸਮੇਂ ਵਿੱਚ ਵੀ ਇੱਕ ਦੂਜੇ ਦੇ ਸੰਪਰਕ ਵਿੱਚ ਰਹਿਣ ਲਈ ਸਹਿਮਤੀ ਪ੍ਰਗਟਾਈ।

Netflix ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਕੀਤੀਆਂ ਬੰਦ 

Netflix ਨੇ ਰੂਸ ਖ਼ਿਲਾਫ਼ ਸਖਡਤ ਕਾਰਵਾਈ ਕੀਤੀ ਹੈ। Netflix ਨੇ ਕਿਹਾ ਹੈ ਕਿ ਉਹ ਰੂਸ ਵਿੱਚ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਰਿਹਾ ਹੈ ਅਤੇ ਇਸ ਫ਼ੈਸਲੇ ਵਿੱਚ ਉਹ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ਦੇ ਨਾਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News