ਰੂਸ ਨੇ ਕੋਰੋਨਾ ਦੇ ਦੂਜੇ ਟੀਕੇ ਨੂੰ ਦਿੱਤੀ ਮਨਜ਼ੂਰੀ, ਕੀਤਾ ਇਹ ਦਾਅਵਾ

Thursday, Oct 15, 2020 - 09:22 AM (IST)

ਰੂਸ ਨੇ ਕੋਰੋਨਾ ਦੇ ਦੂਜੇ ਟੀਕੇ ਨੂੰ ਦਿੱਤੀ ਮਨਜ਼ੂਰੀ, ਕੀਤਾ ਇਹ ਦਾਅਵਾ

ਮਾਸਕੋ- ਰੂਸ ਨੇ ਕੋਰੋਨਾ ਵਾਇਰਸ ਦੇ ਦੂਜੇ ਟੀਕੇ ਐਪੀਵੈਕਕੋਰੋਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਇਕ ਸਰਕਾਰੀ ਮੀਟਿੰਗ ਵਿਚ ਇਸ ਦੀ ਘੋਸ਼ਣਾ ਕੀਤੀ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਸਾਨੂੰ ਪਹਿਲੇ ਅਤੇ ਦੂਜੇ ਦੋਵੇਂ ਟੀਕਿਆਂ ਦਾ ਉਤਪਾਦਨ ਵਧਾਉਣ ਦੀ ਲੋੜ ਹੈ। ਅਸੀਂ ਆਪਣੇ ਵਿਦੇਸ਼ੀ ਭਾਈਵਾਲਾਂ ਨਾਲ ਸਹਿਯੋਗ ਕਰਨਾ ਜਾਰੀ ਰੱਖ ਰਹੇ ਹਾਂ ਅਤੇ ਵਿਦੇਸ਼ਾਂ ਵਿਚ ਆਪਣੇ ਟੀਕਿਆਂ ਨੂੰ ਬੜ੍ਹਾਵਾ ਦੇਵਾਂਗੇ।

ਰੂਸ ਨੇ ਪਹਿਲੇ ਟੀਕੇ ਦਾ ਨਾਮ ਸਪੂਤਨਿਕ-ਵੀ ਅਤੇ ਦੂਜੇ ਦਾ ਨਾਮ ਏਪੀਵੈਕਕੋਰੋਨਾ ਰੱਖਿਆ ਹੈ। ਰੂਸ ਨੇ ਸਾਈਬੇਰੀਆ ਦੇ ਵਰਲਡ ਕਲਾਸ ਵਾਇਰੋਲੋਜੀ ਇੰਸਟੀਚਿਊਟ (ਵੈਕਟਰ ਸਟੇਟ ਰਿਸਰਚ ਸੈਂਟਰ ਆਫ਼ ਵਾਇਰੋਲੋਜੀ ਐਂਡ ਬਾਇਓਟੈਕਨਾਲੋਜੀ) ਵਿਚ ਟੀਕੇ ਦਾ ਨਿਰਮਾਣ ਕੀਤਾ ਹੈ। 

ਵੈਕਟਰ ਸਟੇਟ ਰਿਸਰਚ ਸੈਂਟਰ ਆਫ਼ ਵਾਇਰੋਲੋਜੀ ਐਂਡ ਬਾਇਓਟੈਕਨਾਲੌਜੀ ਨੇ ਕੋਰੋਨਾ ਵਾਇਰਸ ਦੇ 13 ਸੰਭਾਵੀ ਟੀਕਿਆਂ 'ਤੇ ਕੰਮ ਕੀਤਾ ਸੀ। ਇਨ੍ਹਾਂ ਟੀਕਿਆਂ ਦਾ ਲੈਬ ਵਿਚ ਜਾਨਵਰਾਂ 'ਤੇ ਟੈਸਟ ਕੀਤਾ ਗਿਆ ਸੀ।

ਰੂਸ ਨੇ ਦਾਅਵਾ ਕੀਤਾ ਕਿ ਉਸ ਦੇ ਪਹਿਲੇ ਟੀਕੇ ਵਿਚ ਜੋ ਮਾੜੇ ਪ੍ਰਭਾਵ ਸਨ, ਉਹ ਦੂਜੇ ਟੀਕੇ ਵਿਚ ਨਹੀਂ ਹਨ। ਇਹ ਟੀਕਾ ਬਹੁਤ ਹੀ ਖੁਫ਼ੀਆ ਤਰੀਕੇ ਨਾਲ ਬਣਾਇਆ ਗਿਆ ਹੈ। ਰੂਸ ਨੇ 11 ਅਗਸਤ ਨੂੰ ਦੁਨੀਆ ਦਾ ਪਹਿਲਾ ਕੋਵਿਡ -19 ਟੀਕਾ ਲਾਂਚ ਕੀਤਾ ਸੀ। ਇਹ ਬਹੁਤ ਵਿਵਾਦਾਂ ਵਿਚ ਰਿਹਾ ਕਿਉਂਕਿ ਟ੍ਰਾਇਲ ਦਾ ਤੀਜਾ ਪੜਾਅ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਦੂਜੇ ਪਾਸੇ, ਰੂਸ ਨਵੰਬਰ ਵਿਚ ਏਪੀਵੈਕਕੋਰੋਨਾ ਨੂੰ ਲਾਂਚ ਕਰ ਸਕਦਾ ਹੈ।


author

Lalita Mam

Content Editor

Related News