ਰੂਸ ਨੇ ਪੂਰਬੀ ਯੂਕ੍ਰੇਨ ਦੇ ਇੱਕ ਹੋਰ ਸ਼ਹਿਰ ''ਤੇ ਕਬਜ਼ਾ ਕਰਨ ਦਾ ਕੀਤਾ ਦਾਅਵਾ
Monday, Jan 06, 2025 - 06:16 PM (IST)
ਕੀਵ (ਏਜੰਸੀ)- ਰੂਸ ਦੇ ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਰੂਸੀ ਫੌਜੀਆਂ ਨੇ ਪੂਰਬੀ ਯੂਕ੍ਰੇਨ ‘ਚ ਮਹੀਨਿਆਂ ਤੱਕ ਚੱਲੀ ਲੜਾਈ ਤੋਂ ਬਾਅਦ ਮਹੱਤਵਪੂਰਨ ਸ਼ਹਿਰ ਕੁਰਾਖੋਵ ‘ਤੇ ਕਬਜ਼ਾ ਕਰ ਲਿਆ ਹੈ। ਕੁਰਾਖੋਵ ਪੂਰਬੀ ਫਰੰਟ ਲਾਈਨ 'ਤੇ ਯੂਕ੍ਰੇਨੀ ਫੌਜ ਲਈ ਇਕ ਮਹੱਤਵਪੂਰਨ ਗੜ੍ਹ ਹੈ। ਇਸ ਵਿੱਚ ਇੱਕ ਉਦਯੋਗਿਕ ਖੇਤਰ ਅਤੇ ਇੱਕ ਥਰਮਲ ਪਾਵਰ ਪਲਾਂਟ ਹੈ। ਇਹ ਪੂਰਬੀ ਅਤੇ ਦੱਖਣੀ ਯੂਕ੍ਰੇਨ ਨੂੰ ਜੋੜਨ ਵਾਲੇ ਹਾਈਵੇਅ 'ਤੇ ਸਥਿਤ ਹੈ।
ਰੂਸ ਨੇ ਇਹ ਦਾਅਵਾ ਰੂਸ-ਯੂਕ੍ਰੇਨ ਯੁੱਧ ਦੇ ਲਗਭਗ 3 ਸਾਲ ਪੂਰੇ ਹੋਣ ਦੇ ਦੌਰਾਨ ਕੀਤਾ ਹੈ। ਹਾਲਾਂਕਿ ਇਸ ਦਾਅਵੇ ਨੂੰ ਲੈ ਕੇ ਕੀਵ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇੱਕ ਦਿਨ ਪਹਿਲਾਂ ਹੀ ਰੂਸੀ ਰੱਖਿਆ ਮੰਤਰਾਲਾ ਨੇ ਕਿਹਾ ਸੀ ਕਿ ਯੂਕ੍ਰੇਨੀ ਫੌਜ ਨੇ ਰੂਸ ਦੇ ਕੁਰਸਕ ਸਰਹੱਦੀ ਖੇਤਰ ਵਿੱਚ ਇੱਕ ਨਵਾਂ ਹਮਲਾ ਸ਼ੁਰੂ ਕੀਤਾ ਹੈ।