ਰੂਸ ਨੇ ਕੀਵ ਡੇਅ ਤੋਂ ਪਹਿਲਾਂ ਯੂਕ੍ਰੇਨ ਦੀ ਰਾਜਧਾਨੀ ''ਤੇ ਕੀਤਾ ''ਸਭ ਤੋਂ ਵੱਡਾ ਡਰੋਨ ਹਮਲਾ''

Sunday, May 28, 2023 - 04:26 PM (IST)

ਰੂਸ ਨੇ ਕੀਵ ਡੇਅ ਤੋਂ ਪਹਿਲਾਂ ਯੂਕ੍ਰੇਨ ਦੀ ਰਾਜਧਾਨੀ ''ਤੇ ਕੀਤਾ ''ਸਭ ਤੋਂ ਵੱਡਾ ਡਰੋਨ ਹਮਲਾ''

ਕੀਵ (ਭਾਸ਼ਾ)- ਕੀਵ ਡੇਅ ਦੀਆਂ ਤਿਆਰੀਆਂ ਦੌਰਾਵ ਐਤਵਾਰ ਨੂੰ ਯੂਕ੍ਰੇਨ ਦੀ ਰਾਜਧਾਨੀ ਜੰਗ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਭਾਰੀ ਡਰੋਨ ਹਮਲੇ ਦੀ ਮਾਰ ਹੇਠ ਆ ਗਈ। ਹਮਲੇ 'ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੇ ਇਕ ਸੀਨੀਅਰ ਫੌਜੀ ਅਧਿਕਾਰੀ ਸੇਰਹੀ ਪੋਪਕੋ ਨੇ ਕਿਹਾ ਕਿ ਰੂਸ ਨੇ ਸ਼ਨੀਵਾਰ ਰਾਤ ਨੂੰ ਈਰਾਨ ਦੇ ਬਣੇ ਸ਼ਹੀਦ ਡਰੋਨ ਨਾਲ ਸ਼ਹਿਰ 'ਤੇ "ਸਭ ਤੋਂ ਵੱਡਾ ਹਮਲਾ" ਕੀਤਾ। ਇਹ ਹਮਲਾ ਪੰਜ ਘੰਟਿਆਂ ਤੋਂ ਵੱਧ ਚੱਲਿਆ, ਜਿਸ ਵਿੱਚ ਯੂਕ੍ਰੇਨ ਦੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਕਥਿਤ ਤੌਰ 'ਤੇ 40 ਤੋਂ ਵੱਧ ਡਰੋਨਾਂ ਨੂੰ ਤਬਾਹ ਕਰ ਦਿੱਤਾ। 

PunjabKesari

ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਕਿਹਾ ਕਿ 41 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦੋਂ ਡਰੋਨ ਦਾ ਮਲਬਾ ਸੱਤ ਮੰਜ਼ਿਲਾ ਗੈਰ-ਰਿਹਾਇਸ਼ੀ ਇਮਾਰਤ 'ਤੇ ਡਿੱਗਿਆ ਅਤੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਘਟਨਾ 'ਚ ਜ਼ਖਮੀ ਹੋਈ 35 ਸਾਲਾ ਔਰਤ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਯੂਕ੍ਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਦੇਸ਼ ਭਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਡਰੋਨ ਹਮਲੇ ਹੋਏ। ਰੂਸੀ ਫੌਜ ਦੁਆਰਾ ਦਾਗੇ ਗਏ 54 ਡਰੋਨਾਂ ਵਿੱਚੋਂ, 52 ਨੂੰ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਮਾਰਿਆ ਗਿਆ। ਉੱਤਰ-ਪੂਰਬ ਵਿੱਚ ਖਾਰਕੀਵ ਸੂਬੇ ਵਿੱਚ ਖੇਤਰੀ ਗਵਰਨਰ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਦੋ ਵੱਖ-ਵੱਖ ਹਮਲਿਆਂ ਵਿੱਚ ਇੱਕ 61 ਸਾਲਾ ਔਰਤ ਅਤੇ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੇ ਇਸ ਸੂਬੇ ਨੇ ਵਿਸ਼ੇਸ਼ ਸਮਾਗਮਾਂ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਦਿੱਤੀ ਵੱਡੀ ਰਾਹਤ

ਕੀਵ ਦਿਵਸ ਕੀਵ ਦਾ ਅਧਿਕਾਰਤ ਸਥਾਪਨਾ ਦਿਵਸ ਹੈ। ਇਸ ਦਿਨ ਨੂੰ ਆਮ ਤੌਰ 'ਤੇ ਸਮਾਰੋਹਾਂ, ਗਲੀ ਮੇਲਿਆਂ, ਪ੍ਰਦਰਸ਼ਨੀਆਂ ਅਤੇ ਆਤਿਸ਼ਬਾਜ਼ੀ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਸ਼ਹਿਰ ਦੀ 1,541ਵੀਂ ਵਰ੍ਹੇਗੰਢ ਲਈ ਸੀਮਤ ਪੱਧਰ 'ਤੇ ਜਸ਼ਨ ਮਨਾਉਣ ਦੀ ਯੋਜਨਾ ਹੈ। ਫੌਜੀ ਅਧਿਕਾਰੀ ਪੋਪਕੋ ਨੇ ਕਿਹਾ ਕਿ ''ਅੱਜ ਦੁਸ਼ਮਣ ਨੇ ਆਪਣੇ ਮਾਰੂ ਡਰੋਨਾਂ ਦੀ ਮਦਦ ਨਾਲ ਕੀਵ ਦੇ ਲੋਕਾਂ ਨੂੰ ਕੀਵ ਦਿਵਸ 'ਤੇ ਵਧਾਈ ਦੇਣ ਦਾ ਫ਼ੈਸਲਾ ਕੀਤਾ ਹੈ।'' ਰੂਸ ਦੇ ਦੱਖਣੀ ਕਾਸਤਰੋਡਾਰ ਖੇਤਰ ਦੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਹਵਾ ਰੱਖਿਆ ਪ੍ਰਣਾਲੀਆਂ ਨੇ ਇਤਸਕੀ ਤੇਲ ਸੋਧਕ ਕਾਰਖਾਨੇ ਵੱਲ ਦਾਗੇ ਗਏ ਕਈ ਡਰੋਨਾਂ ਨੂੰ ਤਬਾਹ ਕਰ ਦਿੱਤਾ। ਪਿਛਲੇ ਸਾਲ ਫਰਵਰੀ ਵਿੱਚ ਰੂਸ ਵੱਲੋਂ ਹਮਲਿਆਂ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਰੂਸੀ ਸਰਹੱਦ ਦੇ ਨਾਲ ਲੱਗਦੇ ਖੇਤਰਾਂ ਵਿੱਚ ਨਿਯਮਿਤ ਅੰਤਰਾਲਾਂ 'ਤੇ ਡਰੋਨ ਹਮਲੇ ਹੋ ਰਹੇ ਹਨ। ਪਿਛਲੇ ਮਹੀਨੇ ਅਜਿਹੇ ਹਮਲਿਆਂ ਦੀ ਗਿਣਤੀ ਵਧੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕ੍ਰਾਸਨੋਦਰ ਵਿੱਚ ਇੱਕ ਤੇਲ ਸੋਧਕ ਕਾਰਖਾਨੇ 'ਤੇ ਲਗਾਤਾਰ ਦੋ ਦਿਨ ਡਰੋਨ ਦੁਆਰਾ ਹਮਲਾ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News