ਪੰਜਾਬ ਦਾ ਇਹ ਸਰਹੱਦੀ ਪਿੰਡ ਬਣਿਆ ਸਮੱਗਲਰਾਂ ਦਾ ਗੜ੍ਹ, ਸਭ ਤੋਂ ਵੱਧ ਹੈਰੋਇਨ-ਡਰੋਨ ਇੱਥੋਂ ਹੀ ਬਰਾਮਦ

Sunday, Oct 25, 2026 - 11:15 AM (IST)

ਪੰਜਾਬ ਦਾ ਇਹ ਸਰਹੱਦੀ ਪਿੰਡ ਬਣਿਆ ਸਮੱਗਲਰਾਂ ਦਾ ਗੜ੍ਹ, ਸਭ ਤੋਂ ਵੱਧ ਹੈਰੋਇਨ-ਡਰੋਨ ਇੱਥੋਂ ਹੀ ਬਰਾਮਦ

ਅੰਮ੍ਰਿਤਸਰ (ਨੀਰਜ)- ਪਾਕਿਸਤਾਨ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਫ਼ਸਟ ਲਾਈਨ ਆਫ਼ ਡਿਫ਼ੈਂਸ ਬੀ. ਐੱਸ. ਐੱਫ. ਅਤੇ ਸੈਕਿੰਡ ਲਾਈਨ ਆਫ਼ ਡਿਫ਼ੈਂਸ ਦਿਹਾਤੀ ਪੁਲਸ ਤਾਇਨਾਤ ਕੀਤੀ ਗਈ ਹੈ ਪਰ ਜਿਸ ਤਰ੍ਹਾਂ ਨਾਲ ਲਗਾਤਾਰ ਸਿਟੀ ਪੁਲਸ ਵੱਲੋਂ ਵੱਡੀ ਮਾਤਰਾ ’ਚ ਅਤਿ-ਆਧੁਨਿਕ ਹਥਿਆਰ ਫੜੇ ਜਾ ਰਹੇ ਹਨ, ਉਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਭਾਰਤ-ਪਾਕਿਸਤਾਨ ਬਾਰਡਰ ’ਤੇ ਕਿਤੇ ਨਾ ਕਿਤੇ ਅਜਿਹੀ ਦਰਾਰ ਹੈ, ਜਿਸ ਦਾ ਸਮੱਗਲਰਾਂ ਵੱਲੋਂ ਫ਼ਾਇਦਾ ਉਠਾਇਆ ਜਾ ਰਿਹਾ ਹੈ। ਕੋਈ ਨਾ ਕੋਈ ਕਾਲੀ ਭੇਡ ਅਜਿਹੀ ਹੈ, ਜੋ ਸਮੱਗਲਰਾਂ ਦੀ ਮਦਦਗਾਰ ਬਣੀ ਹੋਈ ਹੈ, ਜਿਸ ਕਾਰਨ ਬਾਰਡਰ ’ਤੇ ਡਰੋਨ ਦੀ ਮੂਵਮੈਂਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

ਇਹ ਵੀ ਪੜ੍ਹੋ-ਕਲਾਨੌਰ ਦੇ ਸਰਹੱਦੀ ਪਿੰਡ 'ਚ ਕਿਸਾਨ ’ਤੇ ਚੱਲੀਆਂ ਗੋਲੀਆਂ

ਅੰਮ੍ਰਿਤਸਰ ’ਚ ਭਾਰਤ-ਪਾਕਿਸਤਾਨ ਦੇ ਲੱਗਭਗ 153 ਕਿਲੋਮੀਟਰ ਲੰਬੇ ਬਾਰਡਰ ’ਤੇ ਲਗਭਗ ਇਕ ਦਰਜਨ ਦੇ ਕਰੀਬ ਅਜਿਹੇ ਬਦਨਾਮ ਪਿੰਡ ਹਨ, ਜਿੱਥੇ ਲਗਾਤਾਰ ਡਰੋਨ ਦੀ ਮੂਵਮੈਂਟ ਹੋ ਰਹੀ ਹੈ ਪਰ ਸੁਰੱਖਿਆ ਏਜੰਸੀਆਂ ਇਨ੍ਹਾਂ ਪਿੰਡਾਂ ’ਚ ਸਰਗਰਮ ਸਮੱਗਲਰਾਂ ਨੂੰ ਫੜਨ ’ਚ ਲਗਾਤਾਰ ਨਾਕਾਮ ਸਾਬਤ ਹੋ ਰਹੀਆਂ ਹਨ। ਪਾਕਿਸਤਾਨ ਤੋਂ ਆ ਰਹੇ ਹਥਿਆਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਲਤ ’ਚ ਪਾਉਣ ਲਈ ਹੀ ਵਰਤੇ ਜਾਣੇ ਹਨ। ਇਸ ਦਾ ਸਭ ਨੂੰ ਪਤਾ ਹੈ ਪਰ ਫਿਰ ਵੀ ਜਿੰਨੇ ਜ਼ਰੂਰੀ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ, ਵੈਸੇ ਨਹੀਂ ਚੁੱਕੇ ਜਾ ਰਹੇ ਹਨ। ਸਮੱਗਲਰ ਲਗਾਤਾਰ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਨੇ ਲਈ ਕਰਵਟ, ਹਨ੍ਹੇਰੀ-ਤੂਫਾਨ ਨਾਲ ਪੈ ਸਕਦਾ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦੀ ਅਪਡੇਟ

ਸਰਹੱਦੀ ਪਿੰਡ ਕੱਕੜ ਤੋਂ ਸਭ ਤੋਂ ਵੱਧ ਫੜੀ ਗਈ ਹੈਰੋਇਨ ਅਤੇ ਡਰੋਨ

ਸਿਟੀ ਪੁਲਸ ਵੱਲੋਂ ਵੱਡੀ ਗਿਣਤੀ ’ਚ ਅਤਿ-ਆਧੁਨਿਕ ਪਿਸਤੌਲ ਫੜੇ ਗਏ ਹਨ ਅਤੇ ਜਿਨ੍ਹਾਂ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਸਿੱਧੇ ਰੂਪ ’ਚ ਸਰਹੱਦੀ ਪਿੰਡ ਕੱਕੜ ਨਾਲ ਸਬੰਧ ਰੱਖਦੇ ਹਨ। ਪਿੰਡ ਕੱਕੜ ਦੀ ਗੱਲ ਕਰੀਏ ਤਾਂ ਇਹ ਪਿੰਡ ਸ਼ੁਰੂ ਤੋਂ ਹੀ ਅੰਮ੍ਰਿਤਸਰ ਜ਼ਿਲੇ ਦੇ ਉਨ੍ਹਾਂ ਬਦਨਾਮ ਸਰਹੱਦੀ ਪਿੰਡਾਂ ’ਚੋਂ ਇਕ ਹੈ, ਜਿੱਥੇ ਹੈਰੋਇਨ ਦੀ ਸਮੱਗਲਿੰਗ ਅਤੇ ਹਥਿਆਰਾਂ ਦੀ ਸਮੱਗਲਿੰਗ ਲਈ ਲਗਾਤਾਰ ਡਰੋਨ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ। ਹੁਣ ਤੱਕ ਬੀ. ਐੱਸ. ਐੱਫ. ਵੱਲੋਂ ਜਿੰਨੇ ਵੀ ਡਰੋਨ ਫੜੇ ਗਏ ਹਨ, ਉਹ ਜ਼ਿਆਦਾਤਰ ਇਸੇ ਪਿੰਡ ਦੇ ਆਸ-ਪਾਸ ਹੀ ਰਹਿੰਦੇ ਹਨ ਪਰ ਜਿਸ ਤਰ੍ਹਾਂ ਨਾਲ ਇਨ੍ਹਾਂ ਬਦਨਾਮ ਪਿੰਡਾਂ ’ਚ ਸਮੱਗਲਰ ਲਗਾਤਾਰ ਮੂਵਮੈਂਟ ਕਰਦੇ ਜਾ ਰਹੇ ਹਨ, ਉਹ ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਦੀ ਲਾਪ੍ਰਵਾਹੀ ਵੱਲ ਵੀ ਇਸ਼ਾਰਾ ਕਰਦਾ ਹੈ। ਆਖ਼ਿਰਕਾਰ ਜ਼ਿਲੇ ਦੇ ਇਕ ਦਰਜਨ ਪਿੰਡਾਂ ’ਚ ਸਰਗਰਮ ਸਮੱਗਲਰਾਂ ਨੂੰ ਸੁਰੱਖਿਆ ਏਜੰਸੀਆਂ ਆਪਣੇ ਸ਼ਿਕੰਜੇ ’ਚ ਕਿਉਂ ਨਹੀਂ ਲੈ ਰਹੀਆਂ, ਇਹ ਵੀ ਇਕ ਵੱਡਾ ਸਵਾਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ

ਦੋ ਹਫ਼ਤਿਆਂ ਤੋਂ ਲਗਾਤਾਰ ਹੋ ਰਹੀ ਹੈ ਡਰੋਨ ਦੀ ਮੂਵਮੈਂਟ

ਭਾਰਤ-ਪਾਕਿਸਤਾਨ ਬਾਰਡਰ ਦੀ ਗੱਲ ਕਰੀਏ ਤਾਂ ਜਿਵੇਂ ਹੀ ਪਰਾਲੀ ਅਤੇ ਪਟਾਕਿਆਂ ਦੇ ਧੂੰਏਂ ਨੇ ਆਸਮਾਨ ’ਚ ਸਮੌਗ ਬਣਾਈ ਹੈ, ਵੈਸੇ ਹੀ ਪਿਛਲੇ 15 ਦਿਨਾਂ ਦੌਰਾਨ ਬਾਰਡਰ ’ਤੇ ਲਗਾਤਾਰ ਡਰੋਨ ਦੀ ਮੂਵਮੈਂਟ ਹੋ ਰਹੀ ਹੈ ਅਤੇ ਛੋਟੇ ਡਰੋਨਾਂ ਤੋਂ ਇਲਾਵਾ ਵੱਡੇ ਡਰੋਨ ਵੀ ਉਡਾਏ ਜਾ ਰਹੇ ਹਨ, ਜੋ ਲੱਗਭਗ 15 ਤੋਂ 20 ਕਿਲੋ ਜਾਂ ਇਸ ਤੋਂ ਵੀ ਵੱਧ ਵਜ਼ਨ ਚੁੱਕਣ ’ਚ ਸਮਰੱਥ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਸਮੱਗਲਰ ਆਪਣੇ ਪਿਸਤੌਲ ਦੇ ਸਪਰਿੰਗ ਜਾਂ ਪਿਸਤੌਲ ਦੇ ਖ਼ਰਾਬ ਹੋ ਚੁੱਕੇ ਉੱਪਰਲੇ ਹਿੱਸੇ ਤੱਕ ਡਰੋਨ ਰਾਹੀਂ ਮੰਗਵਾ ਰਹੇ ਹਨ, ਜੋ ਸਾਬਤ ਕਰ ਰਿਹਾ ਹੈ ਕਿ ਬਾਰਡਰ ’ਤੇ ਕਿਤੇ ਨਾ ਕਿਤੇ ਇਕ ਅਜਿਹੀ ਤ੍ਰੇੜ ਜ਼ਰੂਰ ਹੈ, ਜਿਸ ਦਾ ਸਮੱਗਲਰਾਂ ਵੱਲੋਂ ਫ਼ਾਇਦਾ ਉਠਾਇਆ ਜਾ ਰਿਹਾ ਹੈ। ਇਸੇ ਲਾਪ੍ਰਵਾਹੀ ਕਾਰਨ ਸਮੱਗਲਿੰਗ ਲਗਾਤਾਰ ਜਾਰੀ ਹੈ ਅਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸੋਮਵਾਰ ਤੇ ਮੰਗਲਵਾਰ ਨੂੰ ਇਨ੍ਹਾਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ

ਨਹੀਂ ਟੁੱਟ ਰਿਹਾ ਜੇਲਾਂ ਦੇ ਅੰਦਰੋਂ ਚੱਲ ਰਿਹਾ ਨੈੱਟਵਰਕ

ਪੰਜਾਬ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲਾਂ ’ਚ ਵੱਡੇ-ਵੱਡੇ ਸਮੱਗਲਰ ਅਤੇ ਗੈਂਗਸਟਰ ਅੰਦਰੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ, ਜਦਕਿ ਸੁਰੱਖਿਆ ਏਜੰਸੀਆਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਜੇਲਾਂ ਦੇ ਅੰਦਰ ਜੈਮਰ ਲਾਏ ਗਏ ਹਨ ਅਤੇ ਮੋਬਾਈਲ ਨਹੀਂ ਚੱਲ ਸਕਦੇ ਪਰ ਜਿਸ ਤਰ੍ਹਾਂ ਨਾਲ ਅੰਮ੍ਰਿਤਸਰ ਦੀ ਕੇਂਦਰੀ ਜੇਲ ’ਚ ਲਗਾਤਾਰ ਮੋਬਾਈਲ, ਨਸ਼ੀਲੇ ਪਦਾਰਥ ਅਤੇ ਹੋਰ ਸਾਮਾਨ ਫੜਿਆ ਜਾ ਰਿਹਾ ਹੈ, ਉਸ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਵੱਡੇ ਸਮੱਗਲਰ ਜੇਲਾਂ ਦੇ ਅੰਦਰੋਂ ਹੀ ਆਪਣਾ ਪੂਰਾ ਨੈੱਟਵਰਕ ਚਲਾ ਰਹੇ ਹਨ ਅਤੇ ਆਪਣੇ ਗੁਰਗਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੇ ਹਨ, ਜੋ ਕਿ ਇਕ ਚਿੰਤਾਜਨਕ ਗੱਲ ਹੈ। ਆਏ ਦਿਨ ਜਿਸ ਤਰ੍ਹਾਂ ਨਾਲ ਜੇਲਾਂ ’ਚ ਗੈਂਗਵਾਰ ਹੋ ਰਹੀ ਹੈ, ਉਹ ਵੀ ਖ਼ਤਰਨਾਕ ਸੰਕੇਤ ਹਨ।

ਐੱਨ. ਸੀ. ਬੀ. ਦੀ ਐਂਟਰੀ ਤੋਂ ਬਾਅਦ ਵੀ ਨਹੀਂ ਰੁਕ ਰਹੀ ਡਰੋਨ ਦੀ ਮੂਵਮੈਂਟ

ਭਾਰਤ-ਪਾਕਿਸਤਾਨ ਬਾਰਡਰ ’ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਐੱਨ. ਸੀ. ਬੀ. ਦਾ ਜ਼ੋਨਲ ਦਫ਼ਤਰ ਹੀ ਬਣਾ ਦਿੱਤਾ ਗਿਆ ਹੈ, ਜੋ ਅੰਮ੍ਰਿਤਸਰ ਸਮੇਤ ਹੋਰ ਇਲਾਕਿਆਂ ਨੂੰ ਵੀ ਕਵਰ ਕਰਦਾ ਹੈ ਪਰ ਇਸ ਦੇ ਬਾਵਜੂਦ ਬਾਰਡਰ ’ਤੇ ਡਰੋਨ ਦੀ ਮੂਵਮੈਂਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹਾਲਾਂਕਿ ਐੱਨ. ਸੀ. ਬੀ. ਵੱਲੋਂ ਬੀ. ਐੱਸ. ਐੱਫ. ਨਾਲ ਮਿਲ ਕੇ ਕਈ ਵੱਡੇ ਸਫ਼ਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ। ਇਸ ’ਚ ਵੱਡੀ ਗਿਣਤੀ ’ਚ ਸਮੱਗਲਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ ਪਰ ਜਿਸ ਤਰ੍ਹਾਂ ਨਾਲ ਕੁਝ ਹੀ ਪਿੰਡਾਂ ’ਚ ਲਗਾਤਾਰ ਡਰੋਨ ਦੀ ਮੂਵਮੈਂਟ ਹੋ ਰਹੀ ਹੈ, ਉਹ ਕਿਤੇ ਨਾ ਕਿਤੇ ਕੁਝ ਵੱਖਰੇ ਹੀ ਸੰਕੇਤ ਦੇ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News