ਅੱਤਵਾਦੀ ਹਮਲਿਆਂ ਪ੍ਰਤੀ ਸਾਵਧਾਨ ਕਰਨ ''ਤੇ ਪੁਤਿਨ ਨੇ ਟਰੰਪ ਦਾ ਕੀਤਾ ਧੰਨਵਾਦ

Monday, Dec 30, 2019 - 04:20 PM (IST)

ਅੱਤਵਾਦੀ ਹਮਲਿਆਂ ਪ੍ਰਤੀ ਸਾਵਧਾਨ ਕਰਨ ''ਤੇ ਪੁਤਿਨ ਨੇ ਟਰੰਪ ਦਾ ਕੀਤਾ ਧੰਨਵਾਦ

ਮਾਸਕੋ (ਭਾਸ਼ਾ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਦਾ ਧੰਨਵਾਦ ਕੀਤਾ। ਅਸਲ ਵਿਚ ਪੁਤਿਨ ਨੇ ਆਪਣੇ ਦੇਸ਼ ਵਿਚ ਨਵੇਂ ਸਾਲ ਦੇ ਮੌਕੇ 'ਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਨੂੰ ਅਸਫਲ ਕਰਨ ਵਿਚ ਮਦਦ ਲਈ ਡੋਨਾਲਡ ਟਰੰਪ ਨੂੰ ਧੰਨਵਾਦ ਕਿਹਾ। ਕ੍ਰੇਮਲਿਨ ਨੇ ਆਪਣੀ ਵੈਬਸਾਈਟ  'ਤੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਟਰੰਪ ਨੇ ਰੂਸ ਵਿਚ ਅੱਤਵਾਦੀ ਹਮਲਿਆਂ ਦੇ ਖਦਸ਼ੇ ਦੇ ਮੱਦੇਨਜ਼ਰ ਵਿਸ਼ੇਸ਼ ਸੇਵਾਵਾਂ ਦੇ ਜ਼ਰੀਏ ਜਾਣਕਾਰੀ ਮੁੱਹਈਆ ਕਰਵਾਈ, ਜਿਸ ਲਈ ਪੁਤਿਨ ਨੇ ਉਹਨਾਂ ਦਾ ਧੰਨਵਾਦ ਕੀਤਾ। 

ਰੂਸ ਦੀ ਸਰਕਾਰੀ ਸਮਾਚਾਰ ਏਜੰਸੀ 'ਤਾਸ' ਨੇ ਫੈਡਰਲ ਸੁਰੱਖਿਆ ਸੇਵਾ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਵੱਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਦੇ ਆਧਾਰ 'ਤੇ ਰੂਸੀ ਸੁਰੱਖਿਆ ਬਲਾਂ ਨੇ 2 ਰੂਸੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਜੋ ਆਉਣ ਵਾਲੀਆਂ ਛੁੱਟੀਆਂ ਦੇ ਦੌਰਾਨ ਸੈਂਟ ਪੀਟਰਸਬਰਗ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਸੁਰੱਖਿਆ ਸੇਵਾ ਨੇ ਕਿਹਾ ਕਿ ਉਸ ਨੂੰ ਅਮਰੀਕੀ ਸਹਿਯੋਗੀਆਂ ਤੋਂ ਇਸ ਸੰਬੰਧੀ ਜਾਣਕਾਰੀ ਮਿਲੀ। ਸੇਵਾ ਦੇ ਮੁਤਾਬਕ ਸ਼ੱਕੀਆਂ ਕੋਲੋਂ ਜਿਹੜੀ ਸਮੱਗਰੀ ਬਰਾਮਦ ਹੋਈ ਹੈ, ਉਸ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਹ ਅੱਤਵਾਦੀ ਹਮਲਿਆਂ ਦੀ ਤਿਆਰੀ ਕਰ ਰਹੇ ਸਨ। ਭਾਵੇਂਕਿ ਵ੍ਹਾਈਟ ਹਾਊਸ ਵੱਲੋਂ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ।


author

Vandana

Content Editor

Related News