ਯੂਕ੍ਰੇਨ ''ਤੇ ਰੂਸੀ ਹਮਲੇ ਜਾਰੀ, ਯੂਕ੍ਰੇਨੀ ਸ਼ਰਨਾਰਥੀਆਂ ਲਈ ਇਟਲੀ ਨੇ ਖੋਲ੍ਹੇ ਦਰਵਾਜ਼ੇ
Tuesday, Mar 01, 2022 - 01:44 PM (IST)
ਰੋਮ (ਦਲਵੀਰ ਕੈਂਥ)- ਸਾਰੀ ਦੁਨੀਆ ਲਈ ਲਈ ਚਰਚਾ ਦਾ ਵਿਸ਼ਾ ਬਣੇ ਰੂਸ ਤੇ ਯੂਕ੍ਰੇਨ ਤੋਂ ਦੁਖੀ ਯੂਕ੍ਰੇਨੀ ਸ਼ਰਨਾਰਥੀ ਇਟਲੀ ਵਿਚ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਜਦੋਂ ਰੂਸ ਨੇ ਪਿਛਲੇ ਹਫ਼ਤੇ ਉਨ੍ਹਾਂ ਦੇ ਦੇਸ਼ 'ਤੇ ਹਮਲਾ ਕੀਤਾ ਸੀ ਤਾਂ ਇਨ੍ਹਾਂ ਲੋਕਾਂ ਨੇ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਵੱਲ ਰੁਖ਼ ਕਰ ਲਿਆ ਸੀ। ਹੁਣ ਤੱਕ ਇਟਲੀ ਦੇ ਏਮੀਲੀਆ ਰੋਮਾਨਾ, ਤਰੈਨਤੋ, ਵੇਨਤੋ ਅਤੇ ਫੋਰਲੀ ਵਨੇਸ਼ੀਆ ਜੂਲੀਆ ਖੇਤਰ ਵਿਚ ਸੈਂਕੜੇ ਸ਼ਰਨਾਰਥੀ ਪਹੁੰਚ ਚੁੱਕੇ ਹਨ।
ਬੀਤੇ ਦਿਨ 50 ਲੋਕਾਂ ਵਾਲੀ ਬੱਸ, ਡਰਾਈਵਰ ਸਮੇਤ 2 ਪੁਰਸ਼ਾਂ ਨੂੰ ਛੱਡ ਕੇ ਸਾਰੀਆਂ ਔਰਤਾਂ ਅਤੇ ਬੱਚੇ ਇਟਲੀ ਦੇ ਸ਼ਹਿਰ ਤਰੀਸਤੇ ਵਿਖੇ ਪਹੁੰਚੇ। ਇਹ ਸ਼ਰਨਾਰਥੀ ਇਟਲੀ ਵਿਚ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨਾਲ ਰਹਿਣ ਲਈ ਸੈੱਟ ਕੀਤੇ ਗਏ ਸਨ। ਜ਼ਿਆਦਾਤਰ ਲੋਕ ਮਿਲਾਨ, ਬਰੇਸ਼ੀਆ ਅਤੇ ਵਿਚੈਂਸਾ ਅਤੇ ਰੋਮ ਵੱਲ ਜਾ ਰਹੇ ਸਨ। ਇਕ ਹੋਰ ਬੱਸ 40 ਦੇ ਕਰੀਬ ਔਰਤਾਂ ਅਤੇ ਬੱਚਿਆਂ ਸਮੇਤ ਪਿਚੈਂਸਾ ਵਿਖੇ ਪਹੁੰਚੀ, ਜਿਸ ਵਿਚ 9 ਮਹੀਨੇ ਦਾ ਬੱਚਾ ਵੀ ਸ਼ਾਮਲ ਸੀ। ਇਟਲੀ ਦੀ ਗ੍ਰਹਿ ਮੰਤਰੀ ਲੂਸੀਆਨਾ ਨੇ ਕਿਹਾ ਹੈ ਕਿ ਏਕਤਾ ਸਾਡੇ ਲਈ ਹਮੇਸ਼ਾ ਸਾਡੇ ਯੂਰਪੀਅਨ ਏਜੰਡੇ ਦਾ ਇਕ ਨਿਸ਼ਚਿਤ ਬਿੰਦੂ ਰਹੀ ਹੈ ਅਤੇ ਪੀੜਤ ਲੋਕਾਂ ਦੀ ਸਹਾਇਤਾ ਲਈ ਸਾਡੀ ਸਰਕਾਰ ਹਮੇਸ਼ਾ ਹੀ ਅੱਗੇ ਆਈ ਹੈ।