ਰੂਸ ਦੇ ਨੇਤਾ ਨਵਲਨੀ ਨੇ 24ਵੇਂ ਦਿਨ ਭੁੱਖ ਹੜਤਾਲ ਕੀਤੀ ਖ਼ਤਮ
Saturday, Apr 24, 2021 - 12:35 PM (IST)
ਮਾਸਕੋ(ਭਾਸ਼ਾ)- ਜੇਲ੍ਹ ’ਚ ਬੰਦ ਵਿਰੋਧੀ ਧਿਰ ਦੇ ਨੇਤਾ ਐਲਕਸੀ ਨਵਲਨੀ ਨੇ ਕਿਹਾ ਹੈ ਕਿ ਮੈਡੀਕਲ ਸਹੂਲਤ ਮਿਲਣ ਤੋਂ ਬਾਅਦ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰ ਰਹੇ ਹਨ। ਉਨ੍ਹਾਂ ਦੇ ਡਾਕਟਰਾਂ ਨੇ ਵੀ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਭੁੱਖ ਹੜਤਾਲ ਜਾਰੀ ਰੱਖਣ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੈ।
ਭੁੱਖ ਹੜਤਾਲ ਦੇ 24ਵੇਂ ਦਿਨ ਨਵਲਨੀ ਨੇ ਇੰਸਟਾਗ੍ਰਾਮ ’ਤੇ ਸਾਂਝਾ ਕੀਤੀ ਆਪਣੀ ਪੋਸਟ ’ਚ ਕਿਹਾ ਕਿ ਉਹ ਆਪਣੇ ਹੱਥ ਅਤੇ ਪੈਰ ’ਚ ਸੰਵੇਦਨਾ ਖ਼ਤਮ ਹੋਣ ਦੇ ਇਲਾਜ ਲਈ ਆਪਣੇ ਡਾਕਟਰ ਦੇ ਦੌਰੇ ਦੀ ਮੰਗ ਜਾਰੀ ਰੱਖਣਗੇ। ਨੇਤਾ ਨੇ ਜਦੋਂ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਸੀ ਤਾਂ ਇਹ ਉਨ੍ਹਾਂ ਦੀ ਮੁੱਖ ਮੰਗ ਸੀ।
ਨਵਲਨੀ ਨੇ ਸੰਦੇਸ਼ ’ਚ ਕਿਹਾ ਕਿ ਦੇਸ਼ ਅਤੇ ਦੁਨੀਆ ਭਰ ਦੇ ਚੰਗੇ ਲੋਕਾਂ ਦੇ ਸਮਰਥਨ ਲਈ ਧੰਨਵਾਦ। ਅਸੀਂ ਬਹੁਤ ਤਰੱਕੀ ਕੀਤੀ ਹੈ। ਦੋ ਮਹੀਨੇ ਪਹਿਲਾਂ ਡਾਕਟਰੀ ਸਹਿਯੋਗ ਦੀ ਮੇਰੀ ਬੇਨਤੀ ਦਾ ਮਜ਼ਾਕ ਬਣਾਇਆ ਗਿਆ। ਮੇਰਾ ਇਲਾਜ ਨਹੀਂ ਕੀਤਾ ਗਿਆ... ਤੁਸੀਂ ਸਾਰਿਆਂ ਨੂੰ ਧੰਨਵਾਦ, ਮੇਰੀ ਦੋ ਵਾਰ ਡਾਕਟਰਾਂ ਦੀ ਟੀਮ ਨੇ ਜਾਂਚ ਕੀਤੀ ਹੈ। 44 ਸਾਲਾ ਨੇਤਾ ਨੂੰ ਇਸ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਢਾਈ ਸਾਲ ਕੈਦ ਦੀ ਸਜ਼ਾ ਭੁਗਤ ਰਹੇ ਹਨ।