ਰੂਸ ਨੇ ਕੀਤੀ ਸੀ ਅਮਰੀਕਾ ’ਚ ਹੈਕਿੰਗ, ਜ਼ਿਆਦਾ ਵਿਗੜ ਸਕਦੇ ਨੇ ਦੋਹਾਂ ਦੇਸ਼ਾਂ ਦੇ ਰਿਸ਼ਤੇ

Thursday, Jan 07, 2021 - 04:54 PM (IST)

ਵਾਸ਼ਿੰਗਟਨ, (ਭਾਸ਼ਾ)– ਅਮਰੀਕਾ ਅਤੇ ਰੂਸ ਵਿਚਾਲੇ ਰਿਸ਼ਤਿਆਂ ’ਚ ਤਣਾਅ ਵੱਧ ਸਕਦਾ ਹੈ। ਅਸਲ ’ਚ ਅਮਰੀਕੀ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਸਰਕਾਰੀ ਵਿਭਾਗਾਂ ਅਤੇ ਨਿਗਮਾਂ ’ਚ ਵੱਡੇ ਪੱਧਰ ’ਤੇ ਹੈਕਿੰਗ ਸ਼ਾਇਦ ਰੂਸ ਨੇ ਕੀਤੀ ਸੀ। ਹੁਣ ਇਸ ਖੁਲਾਸੇ ਤੋਂ ਬਾਅਦ ਪਹਿਲਾਂ ਤੋਂ ਤਣਾਅਪੂਰਨ ਚੱਲ ਰਹੇ ਅਮਰੀਕਾ ਅਤੇ ਰੂਸ ਦੇ ਰਿਸ਼ਤੇ ਹੋਰ ਜ਼ਿਆਦਾ ਵਿਗੜ ਸਕਦੇ ਹਨ। ਅਜੇ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਹੈਕਿੰਗ ਲਈ ਚੀਨ ਜ਼ਿੰਮੇਵਾਰ ਹੈ।  ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ’ਤੇ ਹੈਕਿੰਗ ਦੇ ਦੋਸ਼ ਵੀ ਲਾਏ ਸਨ। ਹਾਲਾਂਕਿ ਹੁਣ ਸੁਰੱਖਿਆ ਏਜੰਸੀਆਂ ਨੇ ਇਸ ਨੂੰ ਖਾਰਜ ਕਰ ਦਿੱਤਾ ਹੈ।

ਹੈਕਿੰਗ ਦੀ ਘਟਨਾ ਨੂੰ ਲੈ ਕੇ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ, ਜਿਸ ’ਚ ਕਿਹਾ ਗਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਹੈਕਿੰਗ ਦਾ ਮਕਸਦ ਖੁਫ਼ੀਆ ਸੂਚਨਾਵਾਂ ਇਕੱਠੀਆਂ ਕਰਨਾ ਸੀ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਇਕ ਗੰਭੀਰ ਮਾਮਲਾ ਹੈ, ਜਿਸ ਨੂੰ ਸੁਧਾਰਨ ਲਈ ਲਗਾਤਾਰ ਅਤੇ ਸਮਰਪਿਤ ਕੋਸ਼ਿਸ਼ ਕਰਨ ਦੀ ਲੋੜ ਹੈ। ਇਹ ਬਿਆਨ ਐੱਫ. ਬੀ. ਆਈ. ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਜਾਰੀ ਕੀਤਾ ਗਿਆ ਹੈ।

ਦਸੰਬਰ, 2020 ’ਚ ਹੋਇਆ ਸੀ ਸਾਈਬਰ ਹਮਲਾ-
ਅਮਰੀਕਾ ਦੇ ਪ੍ਰਮਾਣੂ ਹਥਿਆਰਾਂ ਦੀ ਦੇਖ-ਰੇਖ ਕਰਨ ਵਾਲੇ ਰਾਸ਼ਟਰੀ ਪ੍ਰਮਾਣੂ ਸੁਰੱਖਿਆ ਪ੍ਰਸ਼ਾਸਨ (ਐੱਨ. ਐੱਨ. ਐੱਸ. ਏ.) ਅਤੇ ਊਰਜਾ ਮੰਤਰਾਲਾ (ਡੀ. ਓ. ਈ.) ਦੇ ਨੈੱਟਵਰਕ ’ਤੇ ਸਾਈਬਰ ਹਮਲਾ ਦਸੰਬਰ 2020 ’ਚ ਹੋਇਆ ਸੀ। ਸੁਰੱਖਿਆ ਏਜੰਸੀਆਂ ਨੇ ਕਿਹਾ ਸੀ ਕਿ ਇਹ ਸਰਕਾਰ ਲਈ ਖਤਰੇ ਦੀ ਘੰਟੀ ਹੈ। ਉੱਧਰ, ਏਜੰਸੀਆਂ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਸੀ ਕਿ ਸਰਕਾਰੀ ਪ੍ਰਣਾਲੀਆਂ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਨ ਲਈ ਜਿਨ੍ਹਾਂ ਯੰਤਰਾਂ ਦੀ ਵਰਤੋਂ ਕੀਤੀ ਗਈ ਸੀ, ਉਹ ਰੂਸੀ ਸੰਸਦ ਕ੍ਰੇਮਲਿਨ ਨਾਲ ਜੁੜੇ ਹੋਏ ਸਨ।

ਹੈਕਰਸ 7 ਮਹੀਨਿਆਂ ਤੋਂ ਰੱਖ ਰਹੇ ਸਨ ਨਜ਼ਰ-
ਅਮਰੀਕੀ ਖੁਫ਼ੀਆ ਡਾਟਾ ’ਚ ਪਿਛਲੇ ਸਾਲ ਮਾਰਚ ਤੋਂ ਹੀ ਸੰਨ੍ਹ ਲਾਉਣ ਦੀ ਸ਼ੁਰੂਆਤ ਹੋ ਗਈ ਸੀ। ਹੈਕਿੰਗ ਦਾ ਇਹ ਮਾਮਲਾ ਦੇਸ਼ ’ਚ ਹੁਣ ਤੱਕ ਦਾ ਸਭ ਤੋਂ ਖਰਾਬ ਸਾਈਬਰ ਜਾਸੂਸੀ ਦਾ ਮਾਮਲਾ ਹੈ, ਜਿਥੇ ਹੈਕਰਸ ਪਿਛਲੇ 7 ਮਹੀਨਿਆਂ ਤੋਂ ਸਰਕਾਰੀ ਏਜੰਸੀਆਂ, ਰੱਖਿਆ ਠੇਕੇਦਾਰਾਂ ਅਤੇ ਦੂਰਸੰਚਾਰ ਕੰਪਨੀਆਂ ਦੇ ਕੰਮਾਂ ’ਤੇ ਨਜ਼ਰ ਰੱਖ ਰਹੇ ਸਨ। ਉੱਧਰ ਇਸ ਘਟਨਾ ’ਤੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਜੋ ਲੋਕ ਵੀ ਇਸ ਦੇ ਪਿੱਛੇ ਹੋਣਗੇ, ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਦੂਜੇ ਪਾਸੇ ਟਰੰਪ ਨੇ ਇਸ ਘਟਨਾ ਲਈ ਚੀਨ ਵੱਲ ਇਸ਼ਾਰਾ ਕੀਤਾ ਸੀ।
 


Lalita Mam

Content Editor

Related News