UAE ''ਚ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਲੱਗਾ 40 ਕਰੋੜ ਦਾ ''ਜੈਕਪਾਟ''
Sunday, Jul 04, 2021 - 03:41 PM (IST)
ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 37 ਸਾਲ ਦੇ ਇਕ ਭਾਰਤੀ ਡਰਾਈਵਰ ਅਤੇ ਵਿਭਿੰਨ ਦੇਸ਼ਾਂ ਦੇ ਉਸ ਦੇ 9 ਸਾਥੀਆਂ ਨੇ 2 ਕਰੋੜ ਦਿਰਹਮ (ਕਰੀਬ 40 ਕਰੋੜ ਰੁਪਏ) ਦੀ ਲਾਟਰੀ ਜਿੱਤੀ ਹੈ। 'ਖਲੀਜ਼ ਟਾਈਮਜ਼' ਨੇ ਸ਼ਨੀਵਾਰ ਨੂੰ ਦੱਸਿਆ ਕਿ ਕੇਰਲ ਵਸਨੀਕ ਅਤੇ ਆਬੂਧਾਬੀ ਵਿਚ ਡਰਾਈਵਰ ਦੇ ਤੌਰ 'ਤੇ ਕੰਮ ਕਰਨ ਵਾਲਾ ਰੰਜੀਤ ਸੋਮਰਾਜਨ ਪਿਛਲੇ ਤਿੰਨ ਸਾਲ ਤੋਂ ਟਿਕਟ ਖਰੀਦ ਰਿਹਾ ਸੀ। ਮੀਡੀਆ ਰਿਪੋਰਟ ਵਿਚ ਸੋਮਰਾਜਨ ਦੇ ਹਵਾਲੇ ਨਾਲ ਕਿਹਾ ਗਿਆ,''ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰਾ ਜੈਕਪਾਟ (ਲਾਟਰੀ ਵਿਚ ਸਭ ਤੋਂ ਵੱਧ ਰਾਸ਼ੀ ਜਿੱਤਣਾ) ਲੱਗੇਗਾ। ਮੈਨੂੰ ਲੱਗਾ ਸੀ ਕਿ ਮੈਂ ਦੂਜੇ ਜਾਂ ਤੀਜੇ ਸਥਾਨ ਦੀ ਲਾਟਰੀ ਜਿੱਤ ਸਕਦਾ ਹਾਂ।'' ਉਸ ਨੇ ਕਿਹਾ ਕਿ ਇਸ਼ ਵਾਰ ਦੂਜਾ ਪੁਰਸਕਾਰ 30 ਲੱਖ ਅਤੇ ਤੀਜਾ ਪੁਰਸਕਾਰ 10 ਲੱਖ ਦਿਰਹਮ ਸੀ।
ਜੈਕਪਾਟ ਲੱਗਣ ਮਗਰੋਂ ਸੋਮਰਾਜਨ ਕੋਲ ਉਸ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਫੋਨ ਲਗਾਤਾਰ ਆ ਰਹੇ ਹਨ। ਸੋਮਰਾਜਨ ਨੇ ਕਿਹਾ,''ਮੈਂ 2008 ਤੋਂ ਇੱਥੇ ਹਾਂ। ਮੈਂ ਦੁਬਈ ਟੈਕਸੀ ਅਤੇ ਹੋਰ ਕੰਪਨੀਆਂ ਲਈ ਡਰਾਈਵਰ ਦੇ ਤੌਰ 'ਤੇ ਕੰਮ ਕੀਤਾ। ਪਿਛਲੇ ਸਾਲ ਮੈਂ ਇਕ ਕੰਪਨੀ ਵਿਚ ਡਰਾਈਵਰ ਸਹਿ ਵਿਕਰੇਤਾ ਦੇ ਤੌਰ 'ਤੇ ਕੰਮ ਕੀਤਾ ਪਰ ਤਨਖਾਹ ਕੱਟੇ ਜਾਣ ਕਾਰਨ ਮੇਰੇ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਸੀ।''
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ 'ਚ 3 ਲੱਖ ਦੇ ਕਰੀਬ ਲੋਕਾਂ ਨੇ ਦਿੱਤੀ EU ਸੈਟਲਮੈਂਟ ਲਈ ਅਰਜ਼ੀ
ਉਸ ਨੇ ਕਿਹਾ,''ਅਸੀਂ ਕੁੱਲ 10 ਲੋਕ ਹਾਂ। ਹੋਰ ਲੋਕ ਭਾਰਤ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਜਿਹੇ ਵਿਭਿੰਨ ਦੇਸ਼ਾਂ ਤੋਂ ਹਨ। ਉਹ ਇਕ ਹੋਟਲ ਦੀ ਪਾਰਕਿੰਗ ਵਿਚ ਕੰਮ ਕਰਦੇ ਹਨ। ਅਸੀਂ 'ਦੋ ਖਰੀਦੋ ਅਤੇ ਇਕ ਮੁਫ਼ਤ ਪਾਓ' ਪੇਸ਼ਕਸ਼ ਦੇ ਤਹਿਤ ਟਿਕਟ ਖਰੀਦੀ। ਹਰੇਕ ਵਿਅਕਤੀ ਨੇ 100 ਦਿਰਹਮ ਦਿੱਤੇ। ਟਿਕਟ 29 ਜੂਨ ਨੂੰ ਮੇਰੇ ਨਾਮ 'ਤੇ ਲਿਆ ਗਿਆ। ਮੈਂ ਦੂਜਿਆਂ ਨੂੰ ਕਹਾਂਗਾ ਕਿ ਉਹ ਆਪਣੀ ਕਿਸਮਤ ਅਜਮਾਉਂਦੇ ਰਹਿਣ। ਮੈਨੂੰ ਪੂਰਾ ਭਰੋਸਾ ਸੀ ਕਿ ਮੇਰੇ ਚੰਗੇ ਦਿਨ ਜ਼ਰੂਰ ਆਉਣਗੇ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਈਸ਼ਵਰ ਦੀ ਕ੍ਰਿਪਾ ਇਕ ਦਿਨ ਮੇਰੇ 'ਤੇ ਹੋਵੇਗੀ।''