ਭਿਆਨਕ ਸਥਿਤੀ 'ਚ ਹਨ ਰੋਹਿੰਗਿਆ ਬੱਚੇ : ਯੂਨੀਸੇਫ

01/17/2018 11:23:17 AM

ਸੰਯੁਕਤ ਰਾਸ਼ਟਰ (ਵਾਰਤਾ)— ਸੰਯੁਕਤ ਰਾਸ਼ਟਰ ਕੌਮਾਂਤਰੀ ਬਾਲ ਐਮਰਜੈਂਸੀ ਫੰਡ (ਯੂਨੀਸੇਫ) ਨੇ ਚਿਤਾਵਨੀ ਦਿੱਤੀ ਹੈ ਕਿ ਬੰਗਲਾਦੇਸ਼ 'ਚ ਬੇਘਰ ਤੋਂ ਬਾਅਦ ਤਕਰੀਬਨ 5 ਲੱਖ ਰੋਹਿੰਗਿਆ ਬੱਚਿਆਂ ਦੀ ਹਾਲਤ ਭਿਆਨਕ ਹੈ। ਬੰਗਲਾਦੇਸ਼ ਵਿਚ ਯੂਨੀਸੇਫ ਪ੍ਰੋਗਰਾਮ ਦੇ ਮੁਖੀ ਏਡੋਰਡ ਬੈਗਬੇਦਰ ਨੇ ਕਿਹਾ ਕਿ ਇੱਥੇ ਪਹਿਲਾਂ ਤੋਂ ਹੀ ਮਨੁੱਖਤਾ ਲਈ ਹਾਲਾਤ ਭਿਆਨਕ ਹਨ। ਹਜ਼ਾਰਾਂ ਬੱਚੇ ਪਹਿਲਾਂ ਤੋਂ ਹੀ ਭਿਆਨਕ ਹਾਲਾਤ 'ਚ ਜਿਊਣ ਨੂੰ ਮਜ਼ਬੂਰ ਹਨ ਅਤੇ ਉਨ੍ਹਾਂ ਨੂੰ ਬੀਮਾਰੀ, ਹੜ੍ਹ, ਜ਼ਮੀਨ ਖਿਸਕਣ ਅਤੇ ਇਕ ਵਾਰ ਫਿਰ ਤੋਂ ਦੂਜੀ ਥਾਂ ਜਾਣ ਦੀ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। 
ਯੂਨੀਸੇਫ ਮੁਤਾਬਕ ਸ਼ਰਨਾਰਥੀ ਕੈਂਪਾਂ ਵਿਚ ਡਿਪਥੀਰੀਆ (ਮੂੰਹ ਦੀ ਬੀਮਾਰੀ) ਫੈਲਣ ਕਾਰਨ 32 ਜਾਨਾਂ ਗਈਆਂ ਹਨ। ਇਨ੍ਹਾਂ 'ਚ ਘੱਟੋ-ਘੱਟ 24 ਬੱਚੇ ਸ਼ਾਮਲ ਹਨ। ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਯੂਨੀਸੇਫ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਸਮੇਤ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਤਕਰੀਬਨ 5 ਲੱਖ ਬੱਚਿਆਂ ਨੂੰ ਡਿਪਥੀਰੀਆ ਦੇ ਟੀਕੇ ਲਾਉਣ ਦਾ ਕੰਮ ਕਰ ਰਹੀ ਹੈ। ਡਿਪਥੀਰੀਆ ਇਕ ਇਨਫੈਕਸ਼ਨ ਰੋਗ ਹੈ, ਜੋ ਕਿ ਕੋਰੀਨੇਬੈਕਟੀਰੀਅਮ ਡਿਪਥੀਰੀਆ ਜੀਵਾਣੂਆਂ ਨਾਲ ਫੈਲਦਾ ਹੈ। ਇਸ ਬੀਮਾਰੀ ਤੋਂ ਪੀੜਤ ਹੋਣ 'ਤੇ ਛੋਟੋ ਬੱਚਿਆਂ ਦੀ ਮੌਤ ਹੋਣ ਦਾ ਖਦਸ਼ਾ ਸਭ ਤੋਂ ਜ਼ਿਆਦਾ ਰਹਿੰਦਾ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਵਿਚ ਮਿਆਂਮਾਰ ਦੀ ਫੌਜ ਵਲੋਂ ਦਮਨ ਕਾਰਨ ਤਕਰੀਬਨ ਸਾਢੇ 6 ਲੱਖ ਰੋਹਿੰਗਿਆ ਮੁਸਲਮਾਨਾਂ ਨੂੰ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਬੇਘਰ ਹੋ ਕੇ ਸਰਹੱਦ ਪਾਰ ਕਰ ਕੇ ਬੰਗਲਾਦੇਸ਼ 'ਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਸੀ।


Related News