ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਦੁਨੀਆ ’ਚ ਹਾਹਾਕਾਰ, ਕਿਤੇ ਅੱਗਜ਼ਨੀ ਤਾਂ ਕਿਤੇ ਠੱਪ ਹੋਇਆ ਕੰਮ

Thursday, Sep 17, 2026 - 06:54 AM (IST)

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਦੁਨੀਆ ’ਚ ਹਾਹਾਕਾਰ, ਕਿਤੇ ਅੱਗਜ਼ਨੀ ਤਾਂ ਕਿਤੇ ਠੱਪ ਹੋਇਆ ਕੰਮ

ਬਿਜ਼ਨੈੱਸ ਡੈਸਕ : ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਨਾਲ ਕੱਚੇ ਤੇਲ ਦੀਆਂ ਕੀਮਤਾਂ 105 ਡਾਲਰ ਪ੍ਰਤੀ ਬੈਰਲ ਤੋਂ ਪਾਰ ਜਾਣ ਤੋਂ ਬਾਅਦ ਕਈ ਦੇਸ਼ਾਂ ’ਚ ਪੈਟਰੋਲ-ਡੀਜ਼ਲ ਮਹਿੰਗਾ ਹੋਇਆ ਹੈ। ਇਸ ਦਾ ਅਸਰ ਦੁਨੀਆ ਦੇ ਸਾਰੇ ਦੇਸ਼ਾਂ ’ਤੇ ਪਿਆ ਹੈ। ਇੰਡੋਨੇਸ਼ੀਆ ਤੋਂ ਲੈ ਕੇ ਗੁਆਟੇਮਾਲਾ, ਪੁਰਤਗਾਲ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਸੀਰੀਆ ਵਰਗੇ ਦੇਸ਼ਾਂ ’ਚ ਵਿਰੋਧ-ਪ੍ਰਦਰਸ਼ਨ, ਈਂਧਨ ਦੀ ਕਮੀ, ਬਿਜਲੀ ਕਟੌਤੀ ਅਤੇ ਟ੍ਰਾਂਸਪੋਰਟ ਹੜਤਾਲ ਵਰਗੀ ਹਾਲਤ ਬਣ ਗਈ ਹੈ। ਖਾਸ ਗੱਲ ਇਹ ਹੈ ਕਿ ਜਦੋਂ ਦੁਨੀਆ ਭਰ ’ਚ ਹਾਹਾਕਾਰ ਮਚੀ ਹੈ, ਉਦੋਂ ਦੁਨੀਆ ’ਚ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਭਾਰਤ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਅਸਰ ਨਾਂਹ ਦੇ ਬਰਾਬਰ ਰਿਹਾ ਹੈ। ਤੇਲ ਮਹਿੰਗਾ ਹੋਣ ਦਾ ਸਿੱਧਾ ਅਸਰ ਪੈਟਰੋਲ ਅਤੇ ਡੀਜ਼ਲ ਦੀ ਲਾਗਤ ’ਤੇ ਪੈਂਦਾ ਹੈ। ਇਸ ਤੋਂ ਬਾਅਦ ਟ੍ਰਾਂਸਪੋਰਟ ਮਹਿੰਗੀ ਹੁੰਦੀ ਹੈ ਅਤੇ ਖੁਰਾਕੀ ਪਦਾਰਥਾਂ ਤੋਂ ਲੈ ਕੇ ਰੋਜ਼ਮਰ੍ਹਾ ਦੀਆਂ ਦੂਜੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਲੱਗਦੀਆਂ ਹਨ।

ਸੀਰੀਆ ’ਚ 40 ਫੀਸਦੀ ਤੱਕ ਵਧੇ ਭਾਅ ਤਾਂ ਸੜਕਾਂ ’ਤੇ ਉਤਰੇ ਲੋਕ

ਸੀਰੀਆ ’ਚ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਦੂਜੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ’ਚ 40 ਫੀਸਦੀ ਤੱਕ ਅਸਥਾਈ ਵਾਧੇ ਦਾ ਐਲਾਨ ਕੀਤਾ। ਇਸ ਤੋਂ ਕੁਝ ਹੀ ਘੰਟਿਆਂ ਬਾਅਦ ਕਈ ਸ਼ਹਿਰਾਂ ’ਚ ਲੋਕ ਸੜਕਾਂ ’ਤੇ ਉਤਰ ਆਏ। ਲੋਕਾਂ ਨੇ ਚੌਕਾਂ ’ਤੇ ਪ੍ਰਦਰਸ਼ਨ ਕੀਤਾ, ਟ੍ਰੈਫਿਕ ਰੋਕਿਆ ਅਤੇ ਟਾਇਰ ਫੂਕੇ। ਪ੍ਰਦਰਸ਼ਨਕਾਰੀ ਈਂਧਨ ਦੀਆਂ ਕੀਮਤਾਂ ’ਚ ਵਾਧਾ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਸਰਕਾਰ ਦਾ ਕਹਿਣਾ ਹੈ ਕਿ ਜੰਗ ਕਾਰਨ ਕੀਮਤਾਂ ਨੂੰ ਵਧਾਉਣਾ ਮਜਬੂਰੀ ਹੈ।

ਇਹ ਵੀ ਪੜ੍ਹੋ : ਪਣਡੁੱਬੀ ਡਰੋਨ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਦੋ ਈਰਾਨੀ ਕਿਸ਼ਤੀਆਂ ਤਬਾਹ

ਭਾਰਤ ’ਚ ਪੈਟਰੋਲ-ਡੀਜ਼ਲ ’ਤੇ ਅਸਰ ਘੱਟ

ਭਾਰਤ ਵੀ ਕੱਚੇ ਤੇਲ ਦਾ ਵੱਡਾ ਦਰਾਮਦਕਾਰ ਹੈ, ਇਸ ਲਈ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਲ ਮਹਿੰਗਾ ਹੋਣ ਦਾ ਅਸਰ ਇੱਥੇ ਵੀ ਪੈ ਸਕਦਾ ਹੈ ਪਰ ਭਾਰਤ ’ਚ ਇਸ ਦਾ ਅਸਰ ਕਈ ਦੂਜੇ ਦੇਸ਼ਾਂ ਵਾਂਗ ਤੁਰੰਤ ਅਤੇ ਤੇਜ਼ ਨਜ਼ਰ ਨਹੀਂ ਆਇਆ। ਇਸ ਦੀ ਇਕ ਵੱਡੀ ਵਜ੍ਹਾ ਘਰੇਲੂ ਈਂਧਨ ਕੀਮਤਾਂ ਦੀ ਵਿਵਸਥਾ ਹੈ। ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੀ ਆਂ ਪ੍ਰਚੂਨ ਕੀਮਤਾਂ ਸਿਰਫ ਉਸ ਦਿਨ ਦੇ ਅੰਤਰਰਾਸ਼ਟਰੀ ਕੱਚੇ ਤੇਲ ਦੇ ਭਾਅ ’ਤੇ ਤੈਅ ਨਹੀਂ ਹੁੰਦੀਆਂ। ਇਸ ’ਚ ਕੱਚੇ ਤੇਲ ਦੀ ਲਾਗਤ ਤੋਂ ਇਲਾਵਾ ਰਿਫਾਇਨਿੰਗ, ਫ੍ਰੇਟ, ਡੀਲਰ ਕਮਿਸ਼ਨ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਟੈਕਸ ਵਰਗੀਆਂ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਭਾਰਤ ਦੇ ਤੇਲ ਮਾਰਕੀਟਿੰਗ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਅੰਤਰਰਾਸ਼ਟਰੀ ਕੀਮਤਾਂ ਵਿਚ ਉਤਰਾਅ-ਚੜ੍ਹਾਅ ਦਾ ਪ੍ਰਭਾਵ ਜ਼ਰੂਰੀ ਤੌਰ ’ਤੇ ਔਸਤ ਖਪਤਕਾਰਾਂ ਲਈ ਅਨੁਪਾਤੀ ਤੇ ਤੁਰੰਤ ਨਹੀਂ ਹੁੰਦਾ।

ਗੁਆਟੇਮਾਲਾ ’ਚ ਸੜਕਾਂ ’ਤੇ ਉਤਰੇ ਲੋਕ, ਗੱਡੀਆਂ ਤੱਕ ਫੂਕੀਆਂ

ਮੱਧ ਅਮਰੀਕੀ ਦੇਸ਼ ਗੁਆਟੇਮਾਲਾ ਵਿਚ ਟਰਾਂਸਪੋਰਟ ਕਾਮਿਆਂ ਅਤੇ ਸਥਾਨਕ ਕਾਰਕੁੰਨਾਂ ਨੇ ਈਂਧਨ ਦੀਆਂ ਕੀਮਤਾਂ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਸਿਰਫ ਕੀਮਤ ਕੰਟਰੋਲ ਤੱਕ ਸੀਮਤ ਨਹੀਂ ਸਨ। ਕੁਝ ਸਮੂਹ ਈਂਧਨ ਟੈਕਸਾਂ ਨੂੰ ਹਟਾਉਣ ਤੇ ਜੈਵਿਕ ਈਂਧਨ ’ਤੇ ਨਿਰਭਰਤਾ ਘਟਾਉਣ ਦੀ ਮੰਗ ਕਰ ਰਹੇ ਹਨ। ਖੇਤੀਬਾੜੀ ਖੇਤਰ ਵੀ ਪ੍ਰਭਾਵਿਤ ਹੋ ਰਿਹਾ ਹੈ, ਕਿਉਂਕਿ ਕਿਸਾਨਾਂ ਨੂੰ ਟਰੈਕਟਰ ਅਤੇ ਹੋਰ ਮਸ਼ੀਨਰੀ ਚਲਾਉਣ ਲਈ ਡੀਜ਼ਲ ਦੀ ਲੋੜ ਹੁੰਦੀ ਹੈ। ਵਧਦੀਆਂ ਕੀਮਤਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗੁਆਟੇਮਾਲਾ ਸਿਟੀ ਵਿਚ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਰਾਜਧਾਨੀ ਦੇ ਨੇੜੇ ਵਿਲਾ ਨੁਏਵਾ ਦੀਆਂ ਸੜਕਾਂ ’ਤੇ ਕਾਰਾਂ ਨੂੰ ਅੱਗ ਲਗਾਏ ਜਾਣ ਦੇ ਵੀਡੀਓਜ਼ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਵਿਧਾਇਕਾਂ ਵੱਲੋਂ ਅਸਤੀਫਾ ਦੇ ਕੇ ਦੂਜੀ ਪਾਰਟੀ ਤੋਂ ਲੜਨਾ ਲੋਕਤੰਤਰ ਦਾ ਮਜ਼ਾਕ: ਮਦਰਾਸ ਹਾਈ ਕੋਰਟ

ਬੰਗਲਾਦੇਸ਼ ਦੀਆਂ ਫੈਕਟਰੀਆਂ ਅਸਥਾਈ ਤੌਰ ’ਤੇ ਬੰਦ

ਬੰਗਲਾਦੇਸ਼ ਆਪਣੇ ਪੈਟਰੋਲੀਅਮ ਉਤਪਾਦਾਂ ਦਾ 90 ਪ੍ਰਤੀਸ਼ਤ ਤੋਂ ਵੱਧ ਦਰਾਮਦ ਕਰਦਾ ਹੈ ਜਿਸ ਦਾ ਇਕ ਮਹੱਤਵਪੂਰਨ ਹਿੱਸਾ ਮੱਧ ਪੂਰਬ ਤੋਂ ਆਉਂਦਾ ਹੈ। ਈਂਧਨ ਅਤੇ ਐੱਲ. ਐੱਨ. ਜੀ. ਸਪਲਾਈ ਵਿਚ ਰੁਕਾਵਟ ਨੇ ਬਿਜਲੀ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ। ਬਿਜਲੀ ਦੀ ਘਾਟ ਕਾਰਨ ਕੁਝ ਕੱਪੜਾ ਫੈਕਟਰੀਆਂ ਨੂੰ ਅਸਥਾਈ ਤੌਰ ’ਤੇ ਬੰਦ ਕਰਨਾ ਪਿਆ। ਗੈਸ ਦੀ ਘਾਟ ਤੋਂ ਬਾਅਦ ਬਹੁਤ ਸਾਰੀਆਂ ਫੈਕਟਰੀਆਂ ਨੇ ਡੀਜ਼ਲ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ ਪਰ ਹੁਣ ਡੀਜ਼ਲ ਦੀ ਵਧੀ ਕੀਮਤ ਨੇ ਉਨ੍ਹਾਂ ਦੀਆਂ ਲਾਗਤਾਂ ਨੂੰ ਹੋਰ ਵਧਾ ਦਿੱਤਾ ਹੈ। ਫੈਕਟਰੀਆਂ ਵਿਚ ਦਿਨ ਵੇਲੇ 4 ਤੋਂ 5 ਵਾਰ ਬਿਜਲੀ ਦੇ ਕੱਟ ਲੱਗ ਰਹੇ ਹਨ। ਲੰਬੇ ਸਮੇਂ ਤੱਕ ਕੰਮ ਬੰਦ ਰਹਿਣ ਨਾਲ ਉਤਪਾਦਨ ਤੇ ਕਾਮਿਆਂ ਦੀ ਕਮਾਈ ’ਤੇ ਅਸਰ ਪੈ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News