ਲੇਬਨਾਨ ''ਚ ਧਮਾਕੇ ਤੋਂ ਬਾਅਦ ਮਲਬੇ ''ਚੋਂ ਮਿਲੀਆਂ ਹੋਰ ਲਾਸ਼ਾਂ, ਸੁਤੰਤਰ ਜਾਂਚ ਦੀ ਅਪੀਲ

08/07/2020 6:26:14 PM

ਬੇਰੂਤ- ਬੇਰੂਤ ਵਿਚ ਹੋਏ ਭਿਆਨਕ ਧਮਾਕੇ ਤੋਂ ਤਿੰਨ ਦਿਨ ਬਾਅਦ ਵੀ ਬਚਾਅ ਕਰਮਚਾਰੀਆਂ ਦੇ ਦਲ ਲਾਸ਼ਾਂ ਦੀ ਤਲਾਸ਼ ਦੇ ਲਈ ਸ਼ੁੱਕਰਵਾਰ ਨੂੰ ਮਲਬਾ ਖੰਗਾਲ ਰਹੇ ਹਨ। ਇਸ ਘਟਨਾ ਵਿਚ ਤਕਰੀਬਨ 150 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਹੋਰ ਹਜ਼ਾਰਾਂ ਲੋਕ ਜ਼ਖਮੀ ਹਨ ਤੇ ਸ਼ਹਿਰ ਵਿਚ ਵੱਡੇ ਪੈਮਾਨੇ 'ਤੇ ਤਬਾਹੀ ਮਚੀ ਹੈ। ਅਧਿਕਾਰੀਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਘੱਟ ਤੋਂ ਘੱਟ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 149 ਹੋ ਗਈ। ਧਮਾਕੇ ਨੇ ਅਨਾਜ ਦੇ ਵੱਡੇ ਗੋਦਾਮ ਨੂੰ ਤਬਾਹ ਕਰ ਦਿੱਤਾ ਤੇ ਬੰਦਰਗਾਹ ਦੇ ਇਲਾਕਿਆਂ ਵਿਚ ਤਬਾਹੀ ਮਚਾਈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਸ਼ੀਸ਼ਾ ਤੇ ਮਲਹਾ ਬਿਖਰਿਆ ਹੈ। 

ਇਸ ਵਿਚਾਲੇ ਸੰਯੁਕਤ ਰਾਸ਼ਟਰ ਨੇ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਦੇ ਬੁਲਾਰੇ ਰੂਪਰਟ ਕਾਲਵਿਲੇ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਲੇਬਨਾਨ ਦੀ ਮਦਦ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੇਬਨਾਨ ਸਮਾਜਿਕ-ਆਰਥਿਕ ਸੰਕਟ, ਕੋਵਿਡ-19 ਤੇ ਅਮੋਨੀਅਮ ਨਾਈਟ੍ਰੇਟ ਧਮਾਕੇ ਸਣੇ ਤਿੰਨ ਤ੍ਰਾਸਦੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਫਰਾਂਸ ਤੇ ਰੂਸ ਦੇ ਬਚਾਅ ਦਲ ਖੋਜੀ ਕੁੱਤਿਆਂ ਦੇ ਨਾਲ ਸ਼ੁੱਕਰਵਾਰ ਨੂੰ ਬੰਦਰਗਾਹ ਵਿਚ ਖੋਜ ਮੁਹਿੰਮ ਚਲਾ ਰਹੇ ਸਨ। ਇਕ ਦਿਨ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ ਤੇ ਸਹਾਇਤਾ ਦਾ ਵਾਅਦਾ ਕੀਤਾ ਸੀ। ਇਹ ਧਮਾਕਾ 2750 ਟਨ ਅਮੋਨੀਅਮ ਨਾਈਟ੍ਰੇਟ ਵਿਚ ਹੋਇਆ ਸੀ।


Baljit Singh

Content Editor

Related News