77ਵਾਂ ਸੁਤੰਤਰਤਾ ਦਿਵਸ : ਕੋਣਾਰਕ ਸੂਰਿਆ ਮੰਦਰ ਦੇ ਚੱਕਰ ਦੀ ਨਕਲ ਦਾ ‘ਟਾਈਮਜ਼ ਸਕੁਵੇਅਰ’ ’ਤੇ ਉਦਘਾਟਨ

Thursday, Aug 17, 2023 - 02:48 PM (IST)

77ਵਾਂ ਸੁਤੰਤਰਤਾ ਦਿਵਸ : ਕੋਣਾਰਕ ਸੂਰਿਆ ਮੰਦਰ ਦੇ ਚੱਕਰ ਦੀ ਨਕਲ ਦਾ ‘ਟਾਈਮਜ਼ ਸਕੁਵੇਅਰ’ ’ਤੇ ਉਦਘਾਟਨ

ਨਿਊਯਾਰਕ (ਏ. ਐੱਨ. ਆਈ.)– ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ ਇਤਿਹਾਸਕ ‘ਟਾਈਮਜ਼ ਸਕੁਵੇਅਰ’ ਦੇ ਤਿਰੰਗੇ ਦੇ ਰੰਗਾਂ ਨਾਲ ਜਗਮਗਾਉਣ ਦੇ ਨਾਲ ਹੀ ਇੱਥੇ ਪ੍ਰਸਿੱਧ ਕੋਣਾਰਕ ਸੂਰਿਆ ਮੰਦਰ ਦੇ ਚੱਕਰ ਦੀ 1800 ਕਿੱਲੋਗ੍ਰਾਮ ਭਾਰੀ ਨਕਲ ਦਾ ਉਦਘਾਟਨ ਕੀਤਾ ਗਿਆ। ਭਾਰਤੀ-ਅਮਰੀਕੀ ਭਈਚਾਰੇ ਦੇ ਮੈਂਬਰ ਵੱਡੀ ਗਿਣਤੀ ’ਚ ਮੰਗਲਵਾਰ ਨੂੰ ਭਾਰਤ ਦਾ ਸੁਤੰਤਰਤਾ ਦਿਵਸ ਮਨਾਉਣ ਲਈ ਨਿਊਯਾਰਕ ਸ਼ਹਿਰ ਦੇ ਇਸ ਇਤਿਹਾਸਕ ਸਥਾਨ ’ਤੇ ਇਕੱਠੇ ਹੋਏ। ਸੂਰਜ ਦੇਵਤਾ ਨੂੰ ਸਮਰਪਿਤ ਕੋਣਾਰਕ ਮੰਦਰ ’ਚ ਸ਼ੁਸ਼ੋਭਿਤ 24 ਚੱਕਰਾਂ ’ਚੋਂ ਇੱਕ ਦੀ ਇਹ ਨਕਲ ਭਾਰਤ ਦੇ ਇਤਿਹਾਸ, ਲਚੀਲੇਪਨ ਅਤੇ ਏਕਤਾ ਦਾ ਪ੍ਰਤੀਕ ਹੈ।

ਨਿਊਯਾਰਕ ’ਚ ਭਾਰਤ ਦੇ ਦੂਤ ਰਣਧੀਰ ਜਾਇਸਵਾਲ ਨੇ ‘ਭਾਰਤ ਮਾਤਾ ਦੀ ਜੈ’, ‘ਵੰਦੇ ਮਾਤਰਮ’ ਅਤੇ ‘ਜੈ ਹਿੰਦ’ ਦੇ ਨਾਅਰਿਆਂ ਤੇ ਦੇਸ਼ਭਗਤੀ ਦੇ ਗੀਤਾਂ ਨਾਲ ਟਾਈਮਜ਼ ਸਕੁਵੇਅਰ ’ਤੇ ਤਿਰੰਗਾ ਲਹਿਰਾਇਆ। ਇਸ ਮੌਕੇ ਇਕੱਤਰ ਲੋਕਾਂ ਨੇ ਭਾਰਤ ਅਤੇ ਅਮਰੀਕਾ ਦੇ ਝੰਡੇ ਲਹਿਰਾਏ। ਇਹ ਸਮਾਰੋਹ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਪ੍ਰਮੁੱਖ ਸੰਗਠਨ ‘ਫੈੱਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ’ ਨੇ ਆਯੋਜਿਤ ਕੀਤਾ ਅਤੇ ਇਸ ਵਿੱਚ ਸਰੋਦ ਵਾਦਕ ਉਸਤਾਦ ਅਮਜਦ ਅਲੀ ਖਾਨ, ਮਿਸ਼ਲਨ ਸਟਾਰ ਸ਼ੈੱਫ ਵਿਕਾਸ ਖੰਨਾ, ਐਸੋਸੀਏਸ਼ਨ ਦੇ ਮੁਖੀ ਅੰਕੁਰ ਵੈਦ, ਐੱਫ. ਆਈ. ਏ. ਦੇ ਪ੍ਰਧਾਨ ਕੇਨੀ ਦੇਸਾਈ ਅਤੇ ਹੋਰ ਅਧਿਕਾਰੀਆਂ ਦੇ ਨਾਲ ਇੰਡੋ-ਅਮੈਰੀਕਨ ਆਰਟਸ ਕਾਊਂਸਲ ਬੋਰਡ ਦੇ ਮੈਂਬਰ ਅਨਿਲ ਬੰਸਲ ਤੇ ਰਾਜੀਵ ਕੌਲ ਅਤੇ ਉਪ ਪ੍ਰਧਾਨ ਰਾਕੇਸ਼ ਕੌਲ ਸ਼ਾਮਲ ਹੋਏ। ਇਸ ਮੌਕੇ ਖੰਨਾ ਨੇ ਵਿਸ਼ੇਸ਼ ਤੌਰ ’ਤੇ ਬਣਾਈ ਇੱਕ ਚੱਕਰ ਦੀ ਨਕਲ ਦਾ ਉਦਘਾਟਨ ਕੀਤਾ।

ਲਗਭਗ 5 ਸਾਲਾਂ ਤੋਂ ਸੂਰਿਆ ਚੱਕਰ ਦੀ ਨਕਲ ਨਿਊਯਾਰਕ ਸ਼ਹਿਰ ’ਚ ਸਥਾਪਿਤ ਕਰਨ ਲਈ ਕੰਮ ਕਰ ਰਹੇ ਵਿਕਾਸ ਖੰਨਾ ਨੇ ਕਿਹਾ ਕਿ ਇਹ ਇੱਕ ਸੁਪਨੇ ਦੇ ਸਾਕਾਰ ਹੋਣ ਵਾਂਗ ਹੈ ਅਤੇ ਟਾਈਮਜ਼ ਸਕੁਵੇਅਰ ’ਤੇ ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਇਸ ਦਾ ਉਦਘਾਟਨ ਕਰਨਾ ਉਨ੍ਹਾਂ ਲਈ ਮਾਣ ਵਾਲਾ ਪਲ ਹੈ। ਇਸ ਚੱਕਰ ਨੂੰ ਇੱਕ ਹਫਤੇ ਤੱਕ ਟਾਈਮਜ਼ ਸਕੁਵੇਅਰ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਨੂੰ ਨਿਊਯਾਰਕ ਸ਼ਹਿਰ ’ਚ ਬਣਨ ਵਾਲੇ ਖੰਨਾ ਦੇ ਰੈਸਟੋਰੈਂਟ ’ਚ ਲਿਆਂਦਾ ਜਾਵੇਗਾ।


author

cherry

Content Editor

Related News