ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਰੀ ''ਚ ਕਰਾਇਆ ਧਾਰਮਿਕ ਸਮਾਗਮ, ਗੁਰ ਇਤਿਹਾਸ ਸੁਣ ਸੰਗਤ ਹੋਈ ਨਿਹਾਲ
Monday, Dec 29, 2025 - 03:47 AM (IST)
ਵੈਨਕੂਵਰ (ਮਲਕੀਤ ਸਿੰਘ) : ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀ 128 ਸਟਰੀਟ 'ਤੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸੀ ਫੇਸ ਸੁਸਾਇਟੀ ਅਤੇ ਸਰੀ ਯੂਥ ਸੇਵਾ ਫਾਊਂਡੇਸ਼ਨ ਵੱਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ ਨਿਰੋਲ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਤੋਂ ਇਲਾਵਾ ਵੱਖ-ਵੱਖ ਸਿਆਸੀ ਆਗੂਆਂ ਸਮੇਤ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ।


ਇਸ ਮੌਕੇ ਰਸ਼ਪਾਲ ਸਿੰਘ ਪੁਮਾਲ ਦੇ ਉੱਘੇ ਢਾਡੀ ਜੱਥੇ ਵੱਲੋਂ ਗੁਰੂ ਇਤਿਹਾਸ ਸੁਣਾ ਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਉਪਰੰਤ ਪ੍ਰਸਿੱਧ ਪੰਜਾਬੀ ਗਾਇਕ ਅਨਮੋਲ, ਕੁਲਵਿੰਦਰ ਧਨੋਆ, ਕੌਰ ਮਨਦੀਪ, ਵਿਜੇ ਯਮਲਾ, ਸਰਦਾਰ ਜੀ ਆਦਿ ਵੱਲੋਂ ਆਪਣੇ ਚੋਣਵੇਂ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪੁੱਜੀਆਂ ਸਿਆਸੀ ਸ਼ਖਸੀਅਤਾਂ 'ਚ ਸਾਂਸਦ ਸੁੱਖ ਧਾਲੀਵਾਲ, ਮੇਅਰ ਬਰਿੰਡਾ ਲੋਕ, ਐੱਮ. ਐੱਲ. ਏ. ਸਟੀਵ ਕੁੰਨਰ, ਸੁਨੀਤਾ ਧੀਰ, ਹਰਮਨ ਭੰਗੂ ,ਬ੍ਰਾਂਡ ਟੈਪਰ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸ਼ਖਸੀਅਤਾਂ ਤ੍ਰਿਪਤ ਅਟਵਾਲ, ਆਈਕ ਸੇਖੋਂ, ਸੁਨੀਲ ਮਜਾਲ, ਮਨਜੀਤ ਸਿੰਘ, ਬਲਰਾਮ ਬੱਲੀ, ਮਹੇਸ਼ਇੰਦਰ ਸਿੰਘ ਮਾਂਗਟ, ਨਿਰੰਜਨ ਸਿੰਘ ਲਹਿਲ, ਵਿਕਾਸ ਗੌਤਮ, ਰਮਨ ਸ਼ਰਮਾ, ਕੈਲ ਦੋਸਾਂਝ, ਸੀਨੀਅਰ ਹੋਸਟ ਸੀ. ਜੇ. ਸਿੰਧੂ ਆਦਿ ਹਾਜ਼ਰ ਸਨ।

ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਅਖੀਰ 'ਚ ਜਰਨੈਲ ਸਿੰਘ ਖੰਡੋਲੀ ਨੇ ਪ੍ਰਬੰਧਕਾਂ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।
