ਬੱਚਿਆਂ ਨੂੰ ਧਰਮ ਤੇ ਵਿਰਸੇ ਦਾ ਗਿਆਨ ਹੋਣਾ ਜ਼ਰੂਰੀ  : ਹਰਜੋਤ ਸਿੰਘ ਲਸਾੜਾ

07/31/2019 9:44:13 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਬੀਤੇ ਦਿਨੀਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮੁਖੀ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦੀ ਮੀਟਿੰਗ ਹਰਜੋਤ ਸਿੰਘ ਲਸਾੜਾ ਦੀ ਸਰਪ੍ਰਸਤੀ ਹੇਠ ਹੋਈ । ਇਸ ਵਿੱਚ 'ਊੜਾ ਅਤੇ ਜੂੜਾ' ਦੀ ਸੰਭਾਲ਼ ਪ੍ਰਤੀ ਵਿਸ਼ੇਸ਼ ਵਿਚਾਰਾਂ ਹੋਈਆਂ । ਉਸ ਸਮੇਂ ਵੱਖ-ਵੱਖ ਬੁਲਾਰਿਆਂ ਵੱਲੋਂ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਆਪਣੀਆਂ ਤਕਰੀਰਾਂ ਦਿੱਤੀਆਂ ਗਈਆਂ। 

ਹਰਜੋਤ ਸਿੰਘ, ਅਮਨਦੀਪ ਸਿੰਘ, ਹਰਗੀਤ ਕੌਰ, ਜਸਰੀਤ ਕੌਰ ਆਦਿ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੁਰਮੁਖੀ ਸਕੂਲ ਵਿੱਚ ਤਕਰੀਬਨ ਪਿਛਲੇ 10 ਸਾਲਾਂ ਤੋਂ ਬੱਚਿਆਂ ਨੂੰ ਗੁਰਮੁਖੀ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਤਕਰੀਬਨ 200 ਬੱਚੇ ਗੁਰਮੁਖੀ ਦੀ ਸਿੱਖਿਆ ਲੈ ਰਹੇ ਹਨ। ਇਸ ਮੀਟਿੰਗ 'ਚ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਸੰਭਾਲ਼ ਬਾਰੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ। ਗ੍ਰੀਨ ਪਾਰਟੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨਵਦੀਪ ਸਿੰਘ ਸਿੱਧੂ ਨੇ ਆਪਣੀ ਤਕਰੀਰ ਰਾਹੀਂ ਮਾਪਿਆਂ ਨੂੰ ਘਰਾਂ ਵਿੱਚ ਪੰਜਾਬੀ ਬੋਲਣ ਦੀ ਤਾਕੀਦ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਆਪਣੇ ਹੱਥਾਂ ਵਿੱਚ ਹੈ । ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਅਸੀਂ ਪੰਜਾਬੀ ਭਾਸ਼ਾ ਦੇ ਪੱਤਣ ਲਈ ਜ਼ੁੰਮੇਵਾਰ ਹੋਵਾਂਗੇ । ਅਖੀਰ 'ਚ ਉਨ੍ਹਾਂ ਪੰਜਾਬੀ ਭਾਸ਼ਾ ਲਈ ਚਿੰਤਤ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।


Related News