ਮਲੇਸ਼ੀਆ ਦੇ ਸੁਲਤਾਨ ਨੇ ਸੁਧਾਰਵਾਦੀ ਨੇਤਾ ਅਨਵਰ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਐਲਾਨਿਆ
Thursday, Nov 24, 2022 - 03:58 PM (IST)

ਕੁਆਲਾਲੰਪੁਰ (ਭਾਸ਼ਾ)- ਮਲੇਸ਼ੀਆ ਦੇ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਨੇ ਵੀਰਵਾਰ ਨੂੰ ਸੁਧਾਰਵਾਦੀ ਵਿਰੋਧੀ ਧਿਰ ਦੇ ਨੇਤਾ ਅਨਵਰ ਇਬਰਾਹਿਮ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਮਲੇਸ਼ੀਆ ਵਿਚ ਖੰਡਿਤ ਜਨਾਦੇਸ਼ ਵਾਲੀਆਂ ਆਮ ਚੋਣਾਂ ਤੋਂ ਬਾਅਦ ਕਈ ਦਿਨਾਂ ਦੀ ਸਿਆਸੀ ਅਨਿਸ਼ਚਿਤਤਾ ਖ਼ਤਮ ਹੋ ਗਈ। ਸੁਲਤਾਨ ਨੇ ਕਿਹਾ ਕਿ ਅਨਵਰ ਨੂੰ ਵੀਰਵਾਰ ਨੂੰ ਹੀ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਆਮ ਚੋਣਾਂ ਵਿੱਚ, ਅਨਵਰ ਦੀ ਅਗਵਾਈ ਵਾਲੇ ਗੱਠਜੋੜ ਪਾਕਟਾਨ ਹਰਪਨ (ਉਮੀਦਾਂ ਦੇ ਗੱਠਜੋੜ) ਨੂੰ ਸਭ ਤੋਂ ਵੱਧ 82 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ।
ਹਾਲਾਂਕਿ, ਇਹ ਗੱਠਜੋੜ ਸਰਕਾਰ ਬਣਾਉਣ ਲਈ ਲੋੜੀਂਦੀਆਂ 112 ਸੀਟਾਂ ਦੇ ਅੰਕੜੇ ਤੋਂ ਬਹੁਤ ਪਿੱਛੇ ਰਹਿ ਗਿਆ ਸੀ। ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਮੁਹੀਦੀਨ ਦੇ ਮਲਯ-ਕੇਂਦ੍ਰਿਤ ਪੇਰੀਕਟਨ ਨੈਸ਼ਨਲ (ਰਾਸ਼ਟਰੀ ਗੱਠਜੋੜ) ਨੂੰ 73 ਸੀਟਾਂ 'ਤੇ ਜਿੱਤ ਮਿਲੀ ਸੀ। ਪੈਨ-ਮਲੇਸ਼ੀਅਨ ਇਸਲਾਮਿਕ ਪਾਰਟੀ 49 ਸੀਟਾਂ ਜਿੱਤ ਕੇ ਇਸ ਗੱਠਜੋੜ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਅਨਵਰ ਦੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਉਦੋਂ ਸਾਫ਼ ਹੋ ਗਿਆ, ਜਦੋਂ ਏਕਤਾ ਸਰਕਾਰ ਦੇ ਗਠਨ ਲਈ ਵੱਖ-ਵੱਖ ਛੋਟੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਸਮਰਥਨ ਦੇਣ ਲਈ ਤਿਆਰ ਹੋ ਗਈਆਂ। ਅਨਵਰ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ, ਮੁਹੀਦੀਨ ਦੇ ਸ਼ਾਸਨ ਵਿਚ ਮਲੇਸ਼ੀਆ ਦੇ ਵਧ ਰਹੇ ਇਸਲਾਮੀਕਰਨ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਅਤੇ ਪ੍ਰਸ਼ਾਸਨ ਸੁਧਾਰ ਪਹਿਲਕਦਮੀਆਂ ਨੂੰ ਮੁੜ ਸੁਰਜੀਤ ਕਰਨ ਦੀਆਂ ਉਮੀਦਾਂ ਪੈਦਾ ਹੋਈਆਂ ਹਨ।