ਯੂਰਪ 'ਚ ਰਿਕਾਰਡ ਤੋੜ ਗਰਮੀ, ਇਟਲੀ ਅਤੇ ਲੰਡਨ 'ਚ ਹਾਈ ਹੀਟਵੇਵ ਐਲਰਟ ਜਾਰੀ
Monday, Jul 18, 2022 - 01:09 PM (IST)
 
            
            ਰੋਮ/ਇਟਲੀ (ਦਲਵੀਰ ਕੈਂਥ) ਵਾਤਾਵਰਣ ਵਿੱਚ ਆ ਰਹੀ ਭਾਰੀ ਤਬਦੀਲੀ ਕਾਰਨ ਦੁਨੀਆ ਵਿੱਚ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਯੂਰਪੀਅਨ ਦੇਸ਼ਾਂ ਦੇ ਜੰਗਲਾਂ ਵਿੱਚ ਅੱਗ ਲੱਗਣ ਦਾ ਸਾਲ 2022 ਵਿੱਚ ਰਿਕਾਰਡ ਦਰਜ ਕੀਤਾ ਹੋਇਆ ਹੈ। ਇਟਲੀ ਅਤੇ ਯੂਰਪ ਦੇ ਜਿਵੇਂ ਫਰਾਂਸ, ਪੁਰਤਗਾਲ ਆਦਿ ਦੇਸ਼ਾਂ ਦੇ ਕੁਝ ਹਿੱਸਿਆਂ ਵਿੱਚ ਇੱਕ ਵਾਰ ਫਿਰ ਉੱਚ ਗਰਮੀ ਦੀਆਂ ਲਹਿਰਾਂ ਇਸ ਹਫ਼ਤੇ ਤੋਂ ਲੋਕਾਂ ਨੂੰ ਪ੍ਰਭਾਵਿਤ ਕਰਨਗੀਆਂ। ਮੌਸਮ ਵਿਭਾਗ ਅਨੁਸਾਰ ਇਸ ਹਫਤੇ 40 ਤੋਂ 42 ਡਿਗਰੀ ਤੱਕ ਤਾਪਮਾਨ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਇਟਲੀ ਦੇ ਸੂਬੇ ਤੁਸਕਾਨਾ, ਓਮਬਰੀਆ,ਲਾਸੀਓ, ਪੋਵੈਲੀ ਆਦਿ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ। ਉੱਧਰ ਬ੍ਰਿਟਿਸ਼ ਅਧਿਕਾਰੀਆਂ ਨੇ ਪਹਿਲੀ ਵਾਰ ਅੱਤ ਦੀ ਗਰਮੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਕਿਹਾ ਕਿ ਲੰਡਨ ਵਿੱਚ 40 ਡਿਗਰੀ ਅਤੇ ਮਿਲਾਨ ਵਿੱਚ 42 ਡਿਗਰੀ ਇਸ ਹਫ਼ਤੇ ਗਰਮੀ ਦਾ ਸਿਖਰ ਹੋਵੇਗਾ।ਜਿੱਥੇ ਇਟਲੀ ਗਰਮੀ ਦੇ ਨਾਲ ਹਾਲੋ ਬੇਹਾਲ ਹੋਵੇਗਾ ਉਥੇ ਹੀ ਪੁਰਤਗਾਲ ,ਸਪੇਨ,ਫਰਾਂਸ ਵਿੱਚ ਲੋਕਾਂ ਨੂੰ ਉੱਚ ਗਰਮੀ ਦੀਆਂ ਲਹਿਰਾਂ ਦਾ ਸਾਹਮਣਾ ਕਰਨਾ ਪਵੇਗਾ।ਇਟਲੀ ਦੇ ਸਿਹਤ ਵਿਭਾਗ ਵਲੋਂ ਦੇਸ਼ ਦੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਸਲਾਹ ਦਿੱਤੀ ਹੈ, ਕਿਉਂਕਿ ਇਸ ਹਫ਼ਤੇ ਵਿੱਚ ਜ਼ਿਆਦਾ ਗਰਮੀ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ 'ਚ ਐਮਰਜੈਂਸੀ ਲਾਗੂ, ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਹੋਇਆ ਐਲਾਨ
ਦੱਸਣਯੋਗ ਹੈ ਕਿ ਇਟਲੀ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਜਿਵੇਂ ਪੁਰਤਗਾਲ,ਸਪੇਨ, ਫਰਾਂਸ ਆਦਿ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਵਧ ਗਰਮੀ ਪੈ ਰਹੀ ਹੈ,ਅਤੇ ਇਟਲੀ ਵਿੱਚ ਹੁਣ ਵੀ ਆਏ ਦਿਨ ਕਿਸੇ ਨਾ ਕਿਸੇ ਖੇਤਰ ਵਿੱਚ ਅੱਗ ਲੱਗਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਜੰਗਲਾਂ ਨੂੰ ਲੱਗਦੀ ਅੱਗ ਕਾਰਨ ਜ਼ਹਿਰੀਲਾ ਧੂੰਆਂ ਹਵਾ ਵਿੱਚ ਘੁੱਲ ਰਿਹਾ ਹੈ, ਜਿਸ ਕਾਰਨ ਜਲਵਾਯੂ ਵਿੱਚ ਭਾਰੀ ਤਬਦੀਲੀ ਆ ਰਹੀ ਹੈ। ਦੂਜੇ ਪਾਸੇ ਅਜੌਕੇ ਸਮੇਂ ਵਿੱਚ ਦੁਨੀਆ ਪਹਿਲਾਂ ਹੀ ਜਲਵਾਯੂ ਪਰਿਵਰਤਨ ਤੋਂ ਭਾਰੀ ਪ੍ਰੇਸ਼ਾਨ ਹੈ। ਅਜਿਹੇ ਵਿੱਚ ਅੱਗ ਕਾਰਨ ਝੁਲਸ ਰਹੇ ਜੰਗਲ ਹਾਲਾਤ ਨੂੰ ਹੋਰ ਵੀ ਬਦਤਰ ਬਣਾ ਰਹੇ ਹਨ, ਜਿਸ ਕਰਕੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਨੂੰ ਗਰਮੀ ਦੀ ਮਾਰ ਝੱਲਣੀ ਪੈ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            