ਆਸਟ੍ਰੇਲੀਆ 'ਚ ਪੜ੍ਹਨ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ 'ਚ ਰਿਕਾਰਡ ਤੋੜ ਵਾਧਾ

04/21/2018 3:19:26 PM


ਮੈਲਬੌਰਨ— ਆਸਟ੍ਰੇਲੀਆ ਵਿਚ 2018 'ਚ ਪੜ੍ਹਨ ਆਏ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 'ਚ ਪਿਛਲੇ ਸਾਲ ਨਾਲੋਂ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਭਾਰਤ ਤੋਂ ਆਸਟ੍ਰੇਲੀਆ ਵਿਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 12 ਫੀਸਦੀ ਹੈ ਅਤੇ ਜੇਕਰ ਚੀਨ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 31 ਫੀਸਦੀ ਹੈ। ਫੈਡਰਲ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ 'ਚ ਪੜ੍ਹਨ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨਾਲ ਆਮਦਨ 'ਚ 32 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ, ਜੋ ਕਿ ਸਾਲ 2016 ਨਾਲੋਂ 22 ਫੀਸਦੀ ਵਧ ਹੈ। 
ਭਾਵੇਂ ਹੀ ਫੀਸਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ ਪਰ ਇੱਥੇ ਪੜ੍ਹਨ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟੀ ਨਹੀਂ ਸਗੋਂ ਕਿ ਜ਼ਿਆਦਾ ਵਧੀ ਹੈ। ਕੌਮਾਂਤਰੀ ਵਿਦਿਆਰਥੀਆਂ ਦੇ ਲੋਕ ਸੰਪਰਕ ਅਫਸਰ ਨੇ ਕਿਹਾ ਕਿ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਤੋਂ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਭਾਰੀ ਫੀਸਾਂ ਦੇ ਕੇ ਪੜ੍ਹਦੇ ਹਨ, ਉਨ੍ਹਾਂ ਦੀਆਂ ਚੁਣੌਤੀਆਂ ਪ੍ਰਤੀ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਨੇ ਇਸ ਲਈ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਬਾਹਰਲੇ ਮੁਲਕਾਂ ਤੋਂ ਆਪਣਾ ਭਵਿੱਖ ਬਣਾਉਣ ਆਏ ਵਿਦਿਆਰਥੀਆਂ ਪ੍ਰਤੀ ਗੰਭੀਰ ਹੋਣ ਦੀ ਗੱਲ ਆਖੀ ਹੈ, ਤਾਂ ਕਿ ਉਨ੍ਹਾਂ ਨੂੰ ਮੁਸ਼ਕਲਾਂ ਨਾ ਆਉਣ ਅਤੇ ਉਹ ਆਪਣੀ ਪੜ੍ਹਾਈ ਨੂੰ ਸਹੀ ਤਰੀਕੇ ਕਰ ਸਕਣ। ਬਸ ਇੰਨਾ ਹੀ ਨਹੀਂ ਇੱਥੇ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਕਿਰਾਏ ਦੇ ਘਰਾਂ ਨੂੰ ਲੈਣ 'ਚ ਮੁਸ਼ਕਲ ਆਉਂਦੀ ਹੈ, ਇਸ ਲਈ ਸਰਕਾਰ ਨੂੰ ਇਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਪ੍ਰਤੀ ਗੌਰ ਕਰਨ ਦੀ ਲੋੜ ਹੈ।


Related News