ਭੁੱਟੋ ਨੇ ਕਿਹਾ-ਪਾਕਿ ਹੋ ਸਕਦੈ ਟੋਟੇ-ਟੋਟੇ, ਕੁਰੈਸ਼ੀ ਨੂੰ ਲੱਗੀਆਂ ਮਿਰਚਾਂ

09/14/2019 4:17:00 PM

ਇਸਲਾਮਾਬਾਦ— ਜੰਮੂ-ਕਸ਼ਮੀਰ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਇਸ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ 'ਚ ਲੱਗਿਆ ਹੋਇਆ ਹੈ ਤੇ ਇਸ ਦੇ ਲਈ ਉਹ ਪੂਰੀ ਦੁਨੀਆ ਦੇ ਤਰਲੇ ਕੱਢ ਚੁੱਕਿਆ ਹੈ। ਇਸ ਤੋਂ ਨਿਰਾਸ਼ ਹੋ ਕੇ ਪਾਕਿਸਤਾਨੀ ਹੁਣ ਆਪਸ 'ਚ ਭਿੜ ਗਏ ਹਨ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬਿਲਾਵਲ ਭੁੱਟੋ ਦੀ ਉਨ੍ਹਾਂ ਦੇ ਸਿੰਧੂਦੇਸ਼ ਤੇ ਪਖਤੂਨਿਸਤਾਨ ਨੂੰ ਲੈ ਕੇ ਦਿੱਤੇ ਬਿਆਨ 'ਤੇ ਨਿੰਦਾ ਕੀਤੀ ਹੈ।

ਪਾਕਿਸਤਾਨ ਪੀਪਲਸ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਨੇ ਕਿਹਾ ਸੀ ਕਿ ਜੇਕਰ ਇਮਰਾਨ ਖਾਨ ਦੀ ਸਰਕਾਰ ਨੇ ਤਾਨਾਸ਼ਾਹੀ ਜਾਰੀ ਰੱਖੀ ਤਾਂ ਪਾਕਿਸਤਾਨ ਤੋਂ ਵੱਖ ਹੋ ਕੇ ਸਿੰਧੂਦੇਸ਼ ਤੇ ਪਖਤੂਨਿਸਤਾਨ ਬਣ ਜਾਵੇਗਾ। ਇਸੇ ਬਿਆਨ 'ਤੇ ਕੁਰੈਸ਼ੀ ਭੜਕ ਗਏ ਤੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਵੇਲੇ 'ਚ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਕੁਰੈਸ਼ੀ ਨੇ ਸ਼ੁੱਕਰਵਾਰਨੂੰ ਸਿੰਧ ਦੇ ਨੈਸ਼ਨਲ ਅਸੈਂਬਲੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਬਿਆਨ ਦੇ ਕੇ ਇਹ ਧਾਰਨਾ ਨਾ ਬਣਾਉਣ ਕਿ ਪਾਕਿਸਤਾਨ 'ਚ ਸੂਬਾਈ ਭੇਦਭਾਵ ਦੀ ਲਹਿਰ ਹੈ। ਉਨ੍ਹਾਂ ਨੇ ਬਿਲਾਵਲ ਨੂੰ ਚਿਤਾਵਨੀ ਦਿੱਤੀ ਕਿ ਜੋ ਲੋਕ ਪਖਤੂਨਿਸਤਾਨ ਦੀ ਗੱਲ ਕਰ ਰਹੇ ਹਨ ਉਹ ਲੋਕ ਬੁਰੀ ਤਰ੍ਹਾਂ ਨਾਲ ਪਿਟ ਗਏ ਤੇ ਜੋ ਲੋਕ ਸਿੰਧੂਦੇਸ਼ ਦੀ ਗੱਲ ਕਰ ਰਹੇ ਹਨ ਉਹ ਵੀ ਮਾਰ ਖਾਣਗੇ। ਮੈਨੂੰ ਉਮੀਦ ਹੈ ਕਿ ਹਰ ਸਿੰਧੀ ਪਾਕਿਸਤਾਨ ਦਾ ਸਮਰਥਨ ਕਰੇਗਾ।

ਕੀ ਸੀ ਭੁੱਟੋ ਦਾ ਬਿਆਨ?
ਭੁੱਟੋ ਨੇ ਵੀਰਵਾਰ ਨੂੰ ਇਮਰਾਨ ਸਰਕਾਰ 'ਤੇ ਦੋਸ਼ ਲਾਇਆ ਸੀ ਕਿ ਸਰਕਾਰ ਕਰਾਚੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਕਾਨੂੰਨ ਮੰਤਰੀ ਫਰੋਗ ਨਸੀਮ ਦੇ ਬਿਆਨ ਤੋਂ ਬਾਅਦ ਆਇਆ। ਫਰੋਗ ਨੇ ਕਿਹਾ ਸੀ ਕਿ ਕਰਾਚੀ ਦੀ ਹਾਲਤ ਖਰਾਬ ਹੈ ਤੇ ਇਸ ਨੂੰ ਸੁਧਾਰਣ ਲਈ ਸਰਕਾਰ ਸੰਵਿਧਾਨ ਦੀ ਇਕ ਧਾਰਾ ਦਾ ਸਹਾਰਾ ਲੈ ਕੇ ਸ਼ਹਿਰ ਨੂੰ ਆਪਣੇ ਕੰਟਰੋਲ 'ਚ ਲੈ ਸਕਦੀ ਹੈ। ਭੁੱਟੋ ਨੇ ਇਸ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਦੇਸ਼ ਇਕ ਵਾਰ ਪਹਿਲਾਂ ਟੁੱਟ ਚੁੱਕਿਆ ਹੈ। ਇਸਲਾਮਾਬਾਦ ਨੇ ਉਸ ਵੇਲੇ ਵੀ ਅਜਿਹੀ ਹੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਇਹ ਗੱਲ ਬੰਗਲਾਦੇਸ਼ ਦੇ ਵੱਖ ਹੋਣ ਬਾਰੇ ਕਹੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਅਜਿਹਾ ਕੁਝ ਕਰਦੀ ਹੈ ਤਾਂ ਬੰਗਲਾਦੇਸ਼ ਵਾਂਗ ਸਿੰਧੂਦੇਸ਼, ਸੇਰਾਕਿਦੇਸ਼ ਤੇ ਪਖਤੂਨਿਸਤਾਨ 'ਚ ਵੰਡਿਆ ਜਾਵੇਗਾ।


Baljit Singh

Content Editor

Related News