ਵਿਕਟੋਰੀਆ ਸੂਬੇ ਤੋਂ ਕੁਈਨਜ਼ਲੈਂਡ ਪਰਤ ਰਹੇ ਲੋਕਾਂ ਨੂੰ ਕੋਰੋਨਾ ਟੈਸਟ ਦੀ ਹਿਦਾਇਤ, ਲੱਗੀਆਂ ਕਤਾਰਾਂ
Monday, Jan 04, 2021 - 09:26 AM (IST)
ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਵਿਕਟੋਰੀਆ ਸੂਬੇ ਤੋਂ ਵਾਪਸ ਪਰਤ ਰਹੇ ਕੁਈਨਜ਼ਲੈਂਡ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਸੰਭਾਵਿਤ ਕੋਰੋਨਾ ਵਾਇਰਸ ਦੇ ਖਤਰੇ ਦੀ ਸਿਹਤ ਵਿਭਾਗ ਦੁਆਰਾ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਸੈਂਕੜੇ ਕੁਈਨਜ਼ਲੈਂਡ ਵਾਸੀਆਂ ਨੇ ਹਫਤੇ ਦੇ ਅੰਤ ਵਿਚ ਟੈਸਟਿੰਗ ਕਲੀਨਿਕਾਂ ਦੇ ਬਾਹਰ ਲੰਬੀਆਂ ਕਤਾਰਾਂ ਲਗਾਉਂਦਿਆਂ ਘੰਟਿਆਂ ਬੱਧੀ ਇੰਤਜ਼ਾਰ ਤੋਂ ਬਾਅਦ ਕੋਰੋਨਾ ਟੈਸਟ ਕਰਵਾਏ।
21 ਦਸੰਬਰ ਨੂੰ ਜਾਂ ਉਸ ਤੋਂ ਬਾਅਦ ਜੋ ਕੋਈ ਵੀ ਵਿਕਟੋਰੀਆ ਵਿਚ ਰਿਹਾ ਹੈ, ਉਨ੍ਹਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਜਦੋਂ ਤੱਕ ਕੋਈ ਵਿਅਕਤੀ ਆਪਣੇ ਟੈਸਟ ਦਾ ਨਤੀਜਾ ਨਹੀਂ ਪ੍ਰਾਪਤ ਕਰਦਾ, ਉਸ ਨੂੰ ਵਿਭਾਗ ਵਲੋਂ ਘਰ ਵਿਚ ਅਲੱਗ ਰਹਿਣ ਲਈ ਹਿਦਾਇਤ ਦਿੱਤੀ ਗਈ ਹੈ।
ਸਰਕਾਰ ਵਲੋਂ ਜਾਰੀ ਕੀਤੀ ਇਸ ਤਾਜ਼ਾ ਐਡਵਾਈਜ਼ਰੀ ਨਾਲ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ, ਜੋ ਕਿ ਬ੍ਰਿਸਬੇਨ ਅਤੇ ਗੋਲਡ ਕੋਸਟ 'ਤੇ ਸੈਂਕੜੇ ਮੀਟਰ ਤੱਕ ਫੈਲੀਆਂ। ਗਰਮੀ ਦੇ ਮੌਸਮ ਵਿਚ ਚਾਰ ਘੰਟੇ ਦੀ ਉਡੀਕ ਨਾਲ ਲੋਕ ਲੰਬੇ ਇੰਤਜ਼ਾਰ ਲਈ ਕੈਂਪ ਕੁਰਸੀਆਂ ਅਤੇ ਛੱਤਰੀਆਂ ਨਾਲ ਲੈ ਕੇ ਆਏ ਸਨ। ਕੁਝ ਲੋਕਾਂ ਨੇ ਕਿਹਾ, "ਅਸੀਂ ਸਿਰਫ ਕੁਰਸੀਆਂ ਲੈ ਕੇ ਆਏ ਹਾਂ ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਟੋਪੀਆਂ, ਛੱਤਰੀਆਂ, ਕਾਫ਼ੀ ਦਾ ਕੱਪ ਸਭ ਕੁਝ ਲਿਆਏ ਹੁੰਦੇ ਤਾਂ ਚੰਗਾ ਹੁੰਦਾ।"
ਸ਼ੈਡੋ ਦੇ ਸਿਹਤ ਮੰਤਰੀ ਰੋਸ ਬੇਟਸ ਨੇ ਕਿਹਾ, "ਅਸੀਂ ਦੇਖ ਰਹੇ ਹਾਂ ਕਿ ਕੋਈ ਵਿਅਕਤੀ ਟੈਸਟ ਕਰਵਾਉਣ ਤੋਂ ਬਿਨਾਂ ਨਾ ਰਹਿ ਜਾਵੇ।" ਬ੍ਰਿਸਬੇਨ ਅਤੇ ਗੋਲਡ ਕੋਸਟ 'ਤੇ ਕੁਝ ਕਲੀਨਿਕਾਂ 'ਤੇ ਲੋਕ ਚਾਰ ਘੰਟੇ ਉਡੀਕਦੇ ਰਹੇ।
ਮੁੱਖ ਸਿਹਤ ਅਫਸਰ ਡਾ. ਜੀਨੈੱਟ ਯੰਗ ਨੇ ਕਿਹਾ ਕਿ ਸਿਹਤ ਅਧਿਕਾਰੀ ਕੋਰੋਨਾ ਟੈਸਟ ਦੀ ਮੰਗ ਨੂੰ ਪੂਰਾ ਕਰਨ ਲਈ ਆਉਣ ਵਾਲੇ ਦਿਨਾਂ ਵਿਚ ਹੋਰ ਕਲੀਨਿਕ ਖੋਲ੍ਹਣ ਲਈ ਕੰਮ ਕਰ ਰਹੇ ਹਨ। ਸੂਬੇ ਵਿਚ ਵਾਇਰਸ ਦੇ ਕਮਿਊਨਿਟੀ ਵਿਚ ਫੈਲਣ ਤੋਂ ਬਿਨਾਂ 110 ਦਿਨ ਬੀਤ ਚੁੱਕੇ ਹਨ।
ਸਾਰੇ ਮਾਮਲੇ ਵਿਦੇਸ਼ਾਂ ਤੋਂ ਆਏ ਸਨ ਅਤੇ ਉਨ੍ਹਾਂ ਨੂੰ ਹੋਟਲ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਸੂਬੇ ਵਿਚ ਹੁਣ ਕੋਰੋਨਾ ਵਾਇਰਸ ਦੇ 17 ਸਰਗਰਮ ਮਾਮਲੇ ਹਨ। ਬੀਤੇ 24 ਘੰਟਿਆਂ ਵਿਚ ਕੁਈਨਜ਼ਲੈਂਡ ਵਿਚ 6,296 ਦੇ ਕਰੀਬ ਟੈਸਟ ਕੀਤੇ ਗਏ ਹਨ।