ਬਰਤਾਨਵੀ ਮਹਾਰਾਣੀ ਨੇ ਕੈਪਟਨ ਟੌਮ ਮੂਰ ਨੂੰ ਪਰਿਵਾਰ ਸਣੇ ਬੁਲਾ ਦਿੱਤਾ ਨਾਈਟਹੁੱਡ ਸਨਮਾਨ

Sunday, Jul 19, 2020 - 08:48 AM (IST)

ਬਰਤਾਨਵੀ ਮਹਾਰਾਣੀ ਨੇ ਕੈਪਟਨ ਟੌਮ ਮੂਰ ਨੂੰ ਪਰਿਵਾਰ ਸਣੇ ਬੁਲਾ ਦਿੱਤਾ ਨਾਈਟਹੁੱਡ ਸਨਮਾਨ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਬਜ਼ੁਰਗ ਓਹ ਨਹੀਂ ਹੁੰਦਾ ਜੋ ਸਰੀਰ ਪੱਖੋਂ ਕਮਜੋਰ ਜਾਂ ਉਮਰ ਪੱਖੋਂ ਵਡੇਰਾ ਹੋ ਗਿਆ ਹੋਵੇ ਸਗੋਂ ਬਜ਼ੁਰਗ ਤਾਂ ਉਸਨੂੰ ਵੀ ਕਿਹਾ ਜਾ ਸਕਦਾ ਹੈ ਜਿਸਨੇ ਜਵਾਨੀ ਵਿੱਚ ਵੀ ਢੇਰੀ ਢਾਹ ਲਈ ਹੋਵੇ। ਬੈਡਫੋਰਡਸ਼ਾਇਰ ਦੇ 100 ਸਾਲਾ ਕੈਪਟਨ ਟੌਮ ਮੂਰ ਦੀ ਜ਼ਿੰਦਾਦਿਲੀ ਹੀ ਆਖੀ ਜਾ ਸਕਦੀ ਹੈ ਜਿਸ ਨੇ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਵੀ ਆਪਣੀ ਮਜ਼ਬੂਤ ਇੱਛਾ ਸ਼ਕਤੀ ਦੇ ਆਸਰੇ ਦੇਸ਼ ਦੀਆਂ ਰਾਸ਼ਟਰੀ ਸਿਹਤ ਸੇਵਾਵਾਂ ਲਈ 33 ਮਿਲੀਅਨ ਪੌਂਡ ਤੋਂ ਵੱਧ ਦੀ ਦਾਨ ਰਾਸ਼ੀ ਇਕੱਠੀ ਕਰ ਦਿੱਤੀ। ਵਿਸ਼ਵ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਟੌਮ ਮੂਰ ਨੂੰ ਬਰਤਾਨਵੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਵੱਲੋਂ ਖੁਦ ਬੁਲਾ ਕੇ ਨਾਈਟਹੁੱਡ ਦੇ ਸਨਮਾਨ ਨਾਲ ਨਿਵਾਜਿਆ ਹੈ।

ਲਾਕਡਾਊਨ ਤੋਂ ਬਾਅਦ ਕੈਪਟਨ ਟੌਮ ਮੂਰ ਰਾਣੀ ਤੋਂ ਨਾਈਟਹੁੱਡ ਦਾ ਸਨਮਾਨ ਪ੍ਰਾਪਤ ਕਰਕੇ ਕੈਪਟਨ ਸਰ ਟੌਮ ਮੂਰ ਬਣ ਗਿਆ ਹੈ।  100 ਸਾਲਾ ਕੈਪਟਨ ਮੂਰ ਨੇ ਦੂਜੇ ਵਿਸ਼ਵ ਯੁੱਧ ਵਿੱਚ ਭਾਗ ਲਿਆ ਸੀ। ਫੰਡ ਇਕੱਠਾ ਕਰਨ ਵਾਲੇ ਨਾਇਕ ਨੂੰ ਸ਼ਾਹੀ ਨਿਵਾਸ ਵਿੱਚ ਬੁਲਾਇਆ ਗਿਆ ਸੀ ਅਤੇ ਮਹਾਰਾਣੀ ਐਲਿਜਾਬੈਥ ਨੇ ਮੂਰ ਨੂੰ ਸਨਮਾਨਿਤ ਕੀਤਾ।ਇਸ ਵੇਲੇ ਮਹਾਰਾਣੀ ਨੇ ਨਿੱਜੀ ਤੌਰ 'ਤੇ ਕਪਤਾਨ ਸਰ ਟੌਮ ਦੀ ਪ੍ਰਸ਼ੰਸਾ ਕਰਦਿਆਂ ਸਿਰਫ ਸਨਮਾਨ ਹੀ ਨਹੀਂ ਦਿੱਤਾ ਬਲਕਿ ਧੰਨਵਾਦ ਵੀ ਕੀਤਾ। ਬਕਿੰਘਮ ਪੈਲੇਸ ਦਾ ਮੰਨਣਾ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਸਮਾਰੋਹ ਦਾ ਸਖਤੀ ਨਾਲ ਸਮਾਜਕ ਤੌਰ 'ਤੇ ਦੂਰੀ ਵਾਲੇ ਰੂਪ ਵਿਚ ਆਯੋਜਨ ਕੀਤਾ ਗਿਆ ਹੈ।  ਰਾਣੀ ਦੀ ਆਮਦ ਦਾ ਐਲਾਨ ਸਕਾਟਲੈਂਡ ਦੀ ਰਾਇਲ ਰੈਜੀਮੈਂਟ ਦੀ ਕਵੀਨ ਪਾਈਪਰ, ਪਾਈਪ ਮੇਜਰ ਰਿਚਰਡ ਗ੍ਰੀਸਡੇਲ ਦੁਆਰਾ ਵਜਾਏ ਬੈਗਪਾਈਪਾਂ ਦੀ ਆਵਾਜ਼ ਨਾਲ ਕੀਤਾ ਗਿਆ। ਕਿਲ੍ਹੇ ਦੇ ਮੈਦਾਨ ਵਿਚ ਬੋਲਦਿਆਂ ਸਰ ਟੌਮ ਨੇ ਕਿਹਾ ਕਿ ‘ਇਹ ਇਕ ਬਹੁਤ ਵਧੀਆ ਦਿਨ ਸੀ, ਮੈਨੂੰ ਕਦੇ ਇੰਨਾ ਸਨਮਾਨ ਨਹੀਂ ਮਿਲਿਆ ਕਿ ਮੈਂ ਰਾਣੀ ਨਾਲ ਇੰਨੀ ਨਜ਼ਦੀਕ ਰਿਹਾ ਅਤੇ ਉਸ ਨਾਲ ਗੱਲ ਕੀਤੀ, ਇਹ ਸਚਮੁੱਚ ਬਹੁਤ ਵਧੀਆ ਸੀ।’ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਸਰ ਟੌਮ ਮੂਰ ਨੂੰ ਦੇਸ਼ ਦਾ ਸੱਚਾ ਰਾਸ਼ਟਰੀ ਖ਼ਜ਼ਾਨਾ ਦੱਸ ਕੇ ਤਾਰੀਫ਼ ਕੀਤੀ ਹੈ।
 


author

Lalita Mam

Content Editor

Related News