ਕਿਊਬਿਕ ''ਚ ਕੋਰੋਨਾ ਦੇ ਮਾਮਲਿਆਂ ''ਚ ਰਿਕਾਰਡ ਤੋੜ ਵਾਧਾ, ਕਈਆਂ ਦੀ ਹਾਲਤ ਗੰਭੀਰ
Tuesday, Oct 06, 2020 - 10:55 AM (IST)
ਮਾਂਟਰੀਅਲ- ਕੈਨੇਡਾ ਦੇ ਸੂਬੇ ਕਿਊਬਿਕ ਵਿਚ ਕੋਰੋਨਾ ਵਾਇਰਸ ਦੇ ਅੰਕੜਿਆਂ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। ਇੱਥੇ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ 24 ਘੰਟਿਆਂ ਦੌਰਾਨ 1,191 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਦੋਂ ਤੋਂ ਕੋਰੋਨਾ ਵਾਇਰਸ ਫੈਲਿਆ ਹੈ, ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਇਕੋ ਦਿਨ ਵਿਚ ਸਭ ਤੋਂ ਵੱਧ ਮਾਮਲੇ ਦਰਜ ਹੋਏ ਹਨ।
ਇੱਥੇ ਹੁਣ ਤੱਕ 79,650 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਸੋਮਵਾਰ ਨੂੰ ਦਰਜ ਹੋਏ ਅੰਕੜੇ ਤੋਂ ਪਹਿਲਾਂ ਵੀ ਹਜ਼ਾਰ ਤੋਂ ਵੱਧ ਅੰਕੜੇ ਦਰਜ ਹੋਏ ਸਨ। ਸ਼ਨੀਵਾਰ ਨੂੰ ਇੱਥੇ 1,107 ਨਵੇਂ ਮਾਮਲੇ ਦਰਜ ਹੋਏ ਸਨ।
ਤਾਜ਼ਾ ਅੰਕੜਿਆਂ ਮੁਤਾਬਕ ਮਾਂਟਰੀਅਲ ਵਿਚ 329 ਨਵੇਂ ਮਾਮਲੇ ਦਰਜ ਹੋਏ, ਜਿੱਥੇ ਕਿ ਹੁਣ ਤੱਕ ਕੁੱਲ 35,496 ਮਾਮਲੇ ਦਰਜ ਹੋ ਚੁੱਕੇ ਹਨ। ਕਿਊਬਿਕ ਸਿਟੀ ਵਿਚ 265 ਨਵੇਂ ਮਾਮਲੇ ਦਰਜ ਹੋਣ ਨਾਲ 5,059 ਮਾਮਲੇ ਅਤੇ ਲਾਵਾਲ ਵਿਚ 173 ਨਵੇਂ ਮਾਮਲੇ ਆਉਣ ਨਾਲ ਕੁੱਲ 7,681 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ।
ਇਸ ਦੌਰਾਨ ਹੋਰ 2 ਲੋਕਾਂ ਦੀ ਮੌਤ ਹੋਣ ਨਾਲ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 5,884 ਹੋ ਚੁੱਕੀ ਹੈ। ਹਸਪਤਾਲ ਵਿਚ ਕੋਰੋਨਾ ਦਾ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਸਮੇਂ 361 ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਦਕਿ 62 ਦੀ ਹਾਲਤ ਗੰਭੀਰ ਹੋਣ ਕਾਰਨ ਉਹ ਆਈ. ਸੀ. ਯੂ. ਵਿਚ ਹਨ। ਸੂਬੇ ਦੇ ਸਿਹਤ ਮੰਤਰੀ ਨੇ ਹਸਪਤਾਲ ਸਟਾਫ ਨੂੰ ਅਲਰਟ ਕੀਤਾ ਹੈ।