ਕੈਨੇਡਾ : ਲੋਂਗੂਇਲ ਦੇ ਮੇਅਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ, ਕਈ ਮੰਤਰੀ ਹੋਏ ਇਕਾਂਤਵਾਸ

09/09/2020 10:13:17 AM

ਮਾਂਟਰੀਅਲ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਕਿਊਬਿਕ ਕੈਬਨਿਟ ਦੇ 3 ਮੰਤਰੀ ਅਤੇ ਮਾਂਟਰੀਅਲ ਦੇ ਮੇਅਰ ਵੈਲੇਰੀ ਪਲਾਂਟੇ ਨੇ ਆਪਣੇ-ਆਪ ਨੂੰ ਇਕਾਂਤਵਾਸ ਕਰ ਲਿਆ ਹੈ ਕਿਉਂਕਿ ਉਹ ਕੋਰੋਨਾ ਪੀੜਤ ਇਕ ਮੇਅਰ ਦੇ ਸੰਪਰਕ ਵਿਚ ਆ ਗਏ ਸਨ।

ਜਾਣਕਾਰੀ ਮੁਤਾਬਕ ਜਦ ਲੋਂਗੂਇਲ ਦੇ ਮੇਅਰ ਸਾਇਲਵੀ ਪੇਰੈਂਟ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਤਾਂ ਨਿਆਂ ਮੰਤਰੀ ਸਿਮਸਨ ਜੋਲਿਨ-ਬੈਰੇਟੇ, ਆਵਾਜਾਈ ਮੰਤਰੀ ਫਰੈਂਕੋਇਸ ਬੋਨਾਰਡੇਲ ਅਤੇ ਮਾਂਟਰੀਅਲ ਰੀਜਨ ਦੇ ਮੰਤਰੀ ਚਾਂਤੇਲ ਰੋਲੀਊ ਇਕਾਂਤਵਾਸ ਹੋ ਗਏ। 

ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਮੰਤਰੀ ਤੇ ਉਨ੍ਹਾਂ ਦੇ ਸਟਾਫ ਮੈਂਬਰ ਪਿਛਲੇ ਹਫਤੇ ਮੇਅਰ ਸਾਇਲਵੀ ਪੇਰੈਂਟ ਦੇ ਸੰਪਰਕ ਵਿਚ ਆਏ ਸਨ। ਪਲਾਂਟੇ ਨੇ ਦੱਸਿਆ ਕਿ ਉਹ ਪੇਰੈਂਟ ਨੂੰ ਤਾਂ ਨਹੀਂ ਮਿਲੀ ਪਰ ਉਨ੍ਹਾਂ ਦੇ ਸੰਪਰਕ ਵਿਚ ਆਏ ਰੋਲੀਊ ਨੂੰ ਮਿਲੀ ਸੀ, ਇਸ ਕਾਰਨ ਉਹ ਇਕਾਂਤਵਾਸ ਹੋ ਗਈ ਹੈ। 

ਰਾਸ਼ਟਰੀ ਅਸੈਂਬਲੀ ਦੇ ਮੈਂਬਰ ਇਆਨ ਲਾਫਰੇਨੇ ਅਤੇ ਕੈਥਰੀਨ ਫੁਰਨੀਅਰ ਅਤੇ ਲਾਵਾਲ ਮੇਅਰ ਮਾਰਕ ਡੀਮਰਜ਼ ਵੀ ਇਕਾਂਤਵਾਸ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਇਕ ਸਮਾਗਮ ਦੌਰਾਨ ਉਹ ਜਿੱਥੇ ਗਏ ਸਨ, ਉੱਥੇ ਪੇਰੈਂਟ ਵੀ ਮੌਜੂਦ ਸਨ। ਇਸ ਤਰ੍ਹਾਂ 7 ਸਿਆਸਤਦਾਨ ਇਸ ਸਮੇਂ ਇਕਾਂਤਵਾਸ ਹੋ ਗਏ ਹਨ।ਜ਼ਿਕਰਯੋਗ ਹੈ ਕਿ ਕਿਊੂਬਿਕ ਵਿਚ ਮੰਗਲਵਾਰ ਨੂੰ ਕੋਰੋਨਾ ਦੇ 163 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿਚ ਕੁੱਲ 63,876 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ 5,770 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Lalita Mam

Content Editor

Related News