ਟਰੰਪ ਨਾਲ ਮੁਲਾਕਾਤ ਲਈ ਯੂ. ਏ. ਈ. ਇਕ ਸੰਭਾਵਿਤ ਸਥਾਨ : ਪੁਤਿਨ
Thursday, Aug 07, 2025 - 10:20 PM (IST)

ਮਾਸਕੋ, (ਭਾਸ਼ਾ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਲਈ ਇਕ ਸੰਭਾਵਿਤ ਸਥਾਨ ਹੈ। ਪੁਤਿਨ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਤੋਂ ਬਾਅਦ ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਾ ਦਫਤਰ) ’ਚ ਇਹ ਐਲਾਨ ਕੀਤਾ।
ਕ੍ਰੇਮਲਿਨ ਦੇ ਇਕ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਟਰੰਪ-ਪੁਤਿਨ ਮੁਲਾਕਾਤ ਅਗਲੇ ਹਫ਼ਤੇ ਦੇ ਸ਼ੁਰੂ ਵਿਚ ਹੋ ਸਕਦੀ ਹੈ, ਹਾਲਾਂਕਿ ਤਰੀਕ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇਸ ਸਾਲ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਅਤੇ ਟਰੰਪ ਵਿਚਾਲੇ ਇਹ ਪਹਿਲੀ ਮੁਲਾਕਾਤ ਹੋਵੇਗੀ। ਇਹ ਮੁਲਾਕਾਤ ਰੂਸ-ਯੂਕ੍ਰੇਨ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋ ਸਕਦੀ ਹੈ, ਜੋ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ।