ਵੈਗਨਰ ਆਰਮੀ ਦੀ ਬਗਾਵਤ ''ਤੇ ਪੁਤਿਨ ਦੀ ਵੰਗਾਰ- ਯੇਵਗੇਨੀ ਨੇ ਪਿੱਠ ''ਚ ਮਾਰਿਆ ਛੁਰਾ, ਫ਼ੌਜੀ ਬਗਾਵਤ ਨੂੰ ਕੁਚਲ ਦੇਣਗੇ

Saturday, Jun 24, 2023 - 10:44 PM (IST)

ਇੰਟਰਨੈਸ਼ਨਲ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਿੱਜੀ ਫ਼ੌਜ 'ਵੈਗਨਰ ਗਰੁੱਪ' ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਵੱਲੋਂ ਹਥਿਆਰਬੰਦ ਬਗਾਵਤ ਦੇ ਐਲਾਨ ਨੂੰ 'ਵਿਸ਼ਵਾਸਘਾਤ' ਅਤੇ ਰੂਸ ਦੀ 'ਪਿੱਠ 'ਚ ਛੁਰਾ ਮਾਰਨ' ਵਾਲਾ ਕਦਮ ਕਰਾਰ ਦਿੱਤਾ ਹੈ। ਰਾਸ਼ਟਰ ਨੂੰ ਇਕ ਟੈਲੀਵਿਜ਼ਨ ਸੰਬੋਧਨ ਵਿੱਚ ਪੁਤਿਨ ਨੇ ਰੂਸ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਉਨ੍ਹਾਂ ਇਹ ਵੀ ਕਿਹਾ, “ਵਿਦਰੋਹ ਦੀ ਸਾਜ਼ਿਸ਼ ਰਚਣ ਵਾਲੇ ਸਾਰੇ ਲੋਕਾਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਹੋਵੇਗਾ। ਹਥਿਆਰਬੰਦ ਬਲਾਂ ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਜ਼ਰੂਰੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।”

ਇਹ ਵੀ ਪੜ੍ਹੋ : 'ਯੇ ਦੋਸਤੀ ਹਮ ਨਹੀਂ ਤੋੜੇਂਗੇ...', ਮਿਸਰ ਦੀ ਔਰਤ ਨੇ PM ਮੋਦੀ ਨੂੰ ਸੁਣਾਇਆ ਫ਼ਿਲਮ Sholay ਦਾ ਗੀਤ, ਦੇਖੋ Video

ਪ੍ਰਿਗੋਜਿਨ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਲੜਾਕੇ ਯੂਕ੍ਰੇਨ ਦੀ ਸਰਹੱਦ ਪਾਰ ਕਰਕੇ ਰੂਸੀ ਸ਼ਹਿਰ ਰੋਸਟੋਵ-ਆਨ-ਡੌਨ ਵਿੱਚ ਦਾਖਲ ਹੋ ਗਏ ਸਨ ਅਤੇ ਉੱਥੋਂ ਦੀਆਂ ਪ੍ਰਮੁੱਖ ਫ਼ੌਜੀ ਸਥਾਪਨਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪ੍ਰਿਗੋਜਿਨ ਨੇ ਇਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਹ ਰੂਸ ਦੇ ਰੋਸਟੋਵ-ਆਨ-ਡੌਨ ਵਿੱਚ ਫ਼ੌਜੀ ਹੈੱਡਕੁਆਰਟਰ ਵਿੱਚ ਖੜ੍ਹਾ ਦਿਖਾਈ ਦੇ ਰਿਹਾ ਹੈ। ਇਹ ਹੈੱਡਕੁਆਰਟਰ ਯੂਕ੍ਰੇਨ ਵਿੱਚ ਜੰਗ ਦੀ ਨਿਗਰਾਨੀ ਕਰਦਾ ਹੈ। 'ਵੈਗਨਰ ਗਰੁੱਪ' ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਫ਼ੌਜਾਂ ਨੇ ਹਵਾਈ ਪੱਟੀ ਸਮੇਤ ਸ਼ਹਿਰ ਦੇ ਕਈ ਮੁੱਖ ਫ਼ੌਜੀ ਟਿਕਾਣਿਆਂ 'ਤੇ ਕਬਜ਼ਾ ਕਰ ਲਿਆ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਹੋਰ ਵੀਡੀਓਜ਼ 'ਚ ਰੋਸਟੋਵ-ਆਨ-ਡੌਨ ਦੀਆਂ ਸੜਕਾਂ 'ਤੇ ਫ਼ੌਜੀ ਵਾਹਨ ਅਤੇ ਟੈਂਕਰ ਖੜ੍ਹੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਸ਼ਕੀਰਾ ਦਾ 'ਵਾਕਾ-ਵਾਕਾ' ਗੀਤ ਗਾ ਕੇ ਸ਼ਖਸ ਨੇ ਵੇਚੇ ਅੰਬ, ਗਜ਼ਬ ਦੇ ਟੈਲੇਂਟ 'ਤੇ ਫਿਦਾ ਹੋਏ ਲੋਕ

ਪੁਤਿਨ ਨੇ ਵੈਗਨਰ ਗਰੁੱਪ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਬਗਾਵਤ ਅਜਿਹੇ ਸਮੇਂ ਵਿੱਚ ਹੋਈ ਹੈ, ਜਦੋਂ ਰੂਸ ਯੂਕ੍ਰੇਨ ਨਾਲ ਜੰਗ ਵਿੱਚ "ਆਪਣੇ ਭਵਿੱਖ ਲਈ ਸਭ ਤੋਂ ਮੁਸ਼ਕਿਲ ਲੜਾਈ" ਲੜ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੱਛਮੀ ਦੇਸ਼ਾਂ ਦੀ ਪੂਰੀ ਫ਼ੌਜੀ, ਆਰਥਿਕ ਅਤੇ ਸੂਚਨਾ ਪ੍ਰਣਾਲੀ ਸਾਡੇ ਵਿਰੁੱਧ ਹੋ ਗਈ ਹੈ। ਦੂਜੇ ਪਾਸੇ ਪ੍ਰਿਗੋਜਿਨ ਨੇ ਦਾਅਵਾ ਕੀਤਾ ਕਿ ਯੂਕ੍ਰੇਨ ਤੋਂ ਰੂਸ ਵਿੱਚ ਦਾਖਲ ਹੋਣ ਸਮੇਂ ਉਸ ਦੀ ਨਿੱਜੀ ਫ਼ੌਜ ਨੂੰ ਚੌਕੀਆਂ 'ਤੇ ਜਵਾਨ ਸੈਨਿਕਾਂ ਦੇ ਕਿਸੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਾਕੇ "ਬੱਚਿਆਂ ਦੇ ਵਿਰੁੱਧ ਨਹੀਂ ਲੜ ਰਹੇ ਹਨ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News