ਪੰਜਾਬੀਆਂ ਨੇ ਆਸਟ੍ਰੇਲੀਅਨ ਔਰਤ ਦੇ ਇਲਾਜ਼ ਲਈ ਇਕੱਤਰ ਕੀਤੇ 14,100 ਡਾਲਰ

07/05/2017 3:47:25 PM

ਮੈਲਬੋਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਭਰ 'ਚ ਬੱਚਿਆਂ ਨੂੰ ਮੂਲ ਜੜਾਂ, ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਕਾਰਜਸ਼ੀਲ ਸੰਸਥਾ 'ਰੂਹ ਪੰਜਾਬ ਦੀ' ਸਿਡਨੀ ਵੱਲੋਂ ਬੀਤੇ ਦਿਨੀਂ ਪ੍ਰਸਿੱਧ ਕਵੀ ਜਸਵੰਤ ਸਿੰਘ ਜ਼ਫਰ ਨਾਲ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਵੀ ਜ਼ਫਰ ਨੇ ਸਾਹਿਤ ਪ੍ਰੇਮੀਆਂ ਦੇ ਮੁਖਾਤਿਬ ਹੁੰਦਿਆਂ ਆਪਣੀਆਂ ਰਚਨਾਵਾਂ ਨਾਲ ਸਮਾਜਿਕ ਚੇਤਨਤਾ ਦਾ ਸ਼ੰਦੇਸ਼ ਦਿੰਦਿਆਂ ਅਜੋਕੀ ਪੀੜੀ ਨੂੰ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਲਈ ਹੰਭਲਾ ਮਾਰਨ ਲਈ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਗੁਰਬਾਣੀ ਦੇ ਫਲਸਫੇ ਨੂੰ ਜ਼ਿੰਦਗੀ 'ਚ ਅਪਣਾ ਕੇ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸ਼ਾਇਰ ਜ਼ਫਰ ਦੁਆਰਾ ਤਿਆਰ ਵਿਸ਼ੇਸ਼ ਚਿੱਤਰ ਦੀ ਨੀਲਾਮੀ ਕੀਤੀ ਗਈ, ਜਿਸ ਨੂੰ ਹਰਮਨ ਫਾਊਂਡੇਸ਼ਨ ਦੇ ਪ੍ਰਬੰਧਕਾਂ ਵਲੋਂ 12,000 ਡਾਲਰ 'ਚ ਅਤੇ ਜਸਵੰਤ ਜਫਰ ਦੀਆਂ ਕਿਤਾਬਾਂ ਦਾ ਸੈੱਟ ਇਕਬਾਲ ਕਾਲਕਟ ਵਲੋਂ 2,100 ਡਾਲਰ 'ਚ ਖਰੀਦ ਲਿਆ ਗਿਆ। ਇਹ ਸਮਾਗਮ ਉਦੋਂ ਭਾਵੁਕ ਹੋ ਗਿਆ, ਜਦੋਂ ਨਿਲਾਮੀ ਤੋਂ ਇਕੱਤਰ ਹੋਈ 14,100 ਡਾਲਰ ਦੀ ਰਾਸ਼ੀ ਜਫਰ ਵਲੋਂ ਸਿਡਨੀ ਦੀ ਇੱਕ ਅਪਾਹਜ ਆਸਟ੍ਰੇਲੀਆਈ ਔਰਤ ਦੀ ਸਿਹਤਯਾਬੀ ਲਈ ਭੇਟ ਕੀਤੀ ਗਈ, ਜਿਸਦੀ ਪੰਜਾਬੀ ਭਾਈਚਾਰੇ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਜਫਰ ਨੇ ਕਿਹਾ ਕਿ ਜੋ ਮਨੁੱਖ ਦੂਜੇ ਦੇ ਦੁੱਖ ਨੂੰ ਆਪਣਾ ਸਮਝਕੇ ਆਪਣੀ ਕਿਰਤ ਕਮਾਈ 'ਚੋਂ ਲੋੜਵੰਦਾਂ ਦੀ ਜ਼ਰੂਰਤ ਪੂਰੀ ਕਰਦਾ ਹੈ ਉਸ ਮਨੁੱਖ ਵਲੋਂ ਮਨੁੱਖਤਾ ਦੀ ਭਲਾਈ ਲਈ ਦਿੱਤੇ ਗਏ ਦਾਨ ਰੂਪੀ ਧੰਨ 'ਚ ਹਮੇਸ਼ਾ ਬਰਕਤ ਪੈਂਦੀ ਹੈ। ਮੁੱਖ ਪ੍ਰਬੰਧਕ ਰਣਜੀਤ ਖੈੜਾ ਸਿਡਨੀ, ਰੂਹ ਪੰਜਾਬ ਦੀ ਅਤੇ ਪੰਜਾਬੀ ਕੌਂਸਲ ਆਸਟ੍ਰੇਲੀਆ ਦੇ ਨੁਮਾਇੰਦਿਆਂ ਵਲੋਂ ਜ਼ਫਰ ਵਲੋਂ ਸਾਹਿਤਕ ਖੇਤਰ 'ਚ ਪਾਏ ਯੋਗਦਾਨ ਲਈ ਸਨਮਾਨਤ ਕੀਤਾ ਗਿਆ।


Related News