ਕੈਨੇਡਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦਾ ਕਤਲ

Wednesday, Mar 05, 2025 - 05:03 PM (IST)

ਕੈਨੇਡਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦਾ ਕਤਲ

ਸਰੀ: ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨੀਂ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੀ.ਸੀ. ਦੇ ਸਰੀ ਵਿਖੇ ਵਾਪਰੀ ਵਾਰਦਾਤ ਦੌਰਾਨ ਮਾਰੇ ਗਏ ਨੌਜਵਾਨ ਦੀ ਸ਼ਨਾਖਤ ਜਸਕਰਨ ਸਿੰਘ ਮਿਨਹਾਸ ਵਜੋਂ ਕੀਤੀ ਗਈ ਹੈ ਜੋ ਰੀਅਲ ਅਸਟੇਟ ਖੇਤਰ ਦਾ ਕਾਰੋਬਾਰੀ ਹੋਣ ਦੇ ਨਾਲ-ਨਾਲ ਸੌਕਰ ਦਾ ਚੰਗਾ ਖਿਡਾਰੀ ਵੀ ਸੀ। ਸਰੀ ਪੁਲਸ ਵੱਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਗੋਲੀਬਾਰੀ ਦੀ ਵਾਰਦਾਤ ਕਿਸੇ ਗੈਂਗ ਵੱਲੋਂ ਘੜੀ ਸਾਜ਼ਿਸ਼ ਦਾ ਹਿੱਸਾ ਮੰਨੀ ਜਾ ਰਹੀ ਹੈ। ‘ਦਾ ਡਰਟੀ ਨਿਊਜ਼’ ਵੱਲੋਂ ਐਕਸ ’ਤੇ ਜਾਰੀ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਐਮਰਜੰਸੀ ਕਾਮਿਆਂ ਵੱਲੋਂ ਨੌਜਵਾਨ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ‘ਚ ਸਿੱਖ ਸਕਿਉਰਿਟੀ ਗਾਰਡ ’ਤੇ ਹੁੱਲੜਬਾਜ਼ਾਂ ਨੇ ਕੀਤਾ ਹਮਲਾ

ਸਰੀ ਵਿਖੇ ਘੇਰ ਕੇ ਮਾਰੀਆਂ ਗੋਲੀਆਂ 

ਸਰੀ ਦੇ ਸਕੌਟ ਰੋਡ ਅਤੇ 80 ਐਵੇਨਿਊ ਇਲਾਕੇ ਵਿਚ ਵਾਪਰੀ ਵਾਰਦਾਤ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਸਕਰਨ ਮਿਨਹਾਸ ਆਪਣੀ ਗੱਡੀ ਵਿਚ ਜਾ ਰਿਹਾ ਸੀ ਜਦੋਂ ਇਕ ਹੋਰ ਗੱਡੀ ਵਿਚ ਆਏ ਤਿੰਨ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰ ਡੈਲਟਾ ਦੇ ਵੈਸਟਵਿਊ ਡਰਾਈਵ ਇਲਾਕੇ ਵਿਚ ਇਕ ਕਾਰ ਸੜਦੀ ਹੋਈ ਮਿਲੀ ਜੋ ਕਾਤਲਾਂ ਨਾਲ ਸਬੰਧਤ ਮੰਨੀ ਜਾ ਰਹੀ ਹੈ। ਉਧਰ ਸਰੀ ਪੁਲਸ ਦੇ ਬੁਲਾਰੇ ਸਟਾਫ਼ ਸਾਰਜੈਂਟ ਲਿੰਡਜ਼ੀ ਹੌਟਨ ਨੇ ਦੱਸਿਆ ਕਿ ਵਾਰਦਾਤ ਬੇਹੱਦ ਭੀੜ-ਭਾੜ ਵਾਲੇ ਇਲਾਕੇ ਵਿਚ ਸੋਮਵਾਰ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਇਕ ਪਾਰਕਿੰਗ ਲੌਟ ਵਿਚ ਵਾਪਰੀ। ਫੌਕਸਵੈਗਨ ਐਸ.ਯੂ.ਵੀ. ਦੀ ਵਿੰਡਸ਼ੀਲਡ ਵਿਚੋਂ ਗੋਲੀਆਂ ਲੰਘਣ ਦੇ ਕਈ ਨਿਸ਼ਾਨ ਤਸਵੀਰਾਂ ਵਿਚ ਦੇਖੇ ਜਾ ਸਕਦੇ ਹਨ। ਪੁਲਸ ਮੁਤਾਬਕ ਇਹ ਵਾਰਦਾਤ ਆਮ ਲੋਕਾਂ ਲਈ ਕੋਈ ਖਤਰਾ ਪੈਦਾ ਨਹੀਂ ਕਰਦੀ ਅਤੇ ਸ਼ੱਕੀ ਦੀ ਪੈੜ ਨੱਪਣ ਦੇ ਯਤਨ ਕੀਤੇ ਜਾ ਰਹੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News