ਅਮਰੀਕਾ ’ਚ ਠੱਗੀ ਦੇ ਮਾਮਲੇ ਤਹਿਤ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਹੋ ਸਕਦੈ ਡਿਪੋਰਟ

Friday, Apr 05, 2024 - 04:19 PM (IST)

ਅਮਰੀਕਾ ’ਚ ਠੱਗੀ ਦੇ ਮਾਮਲੇ ਤਹਿਤ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਹੋ ਸਕਦੈ ਡਿਪੋਰਟ

ਨਿਊਯਾਰਕ : ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਇਕ ਪੰਜਾਬੀ ਨੌਜਵਾਨ ਨੂੰ ਠੱਗੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਯਾਰਕ ਦੇ ਗੇਟਸ ਕਸਬੇ ਵਿਚ ਪੁਲਸ ਦੇ ਇਕ ਸਟਿੰਗ ਆਪ੍ਰੇਸ਼ਨ ਦੌਰਾਨ 29 ਸਾਲਾ ਹਰਪ੍ਰੀਤ ਸਿੰਘ ਜਾਲ ਵਿਚ ਫਸਿਆ। ਗੇਟਸ ਪੁਲਸ ਦੇ ਮੁਖੀ ਰੌਬਰਟ ਲੌਂਗ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ ਇਕ ਔਰਤ ਦੇ ਬੈਂਕ ਖਾਤੇ ਵਿਚੋਂ ਰਕਮ ਕਢਵਾਉਣ ਦਾ ਯਤਨ ਕੀਤਾ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਔਰਤ ਨੂੰ ਇਕ ਈਮੇਲ ਆਈ ਕਿ ਉਸ ਦਾ ਨੈਟਫਲਿਕਸ ਅਕਾਊਂਟ ਜਲਦ ਖ਼ਤਮ ਹੋ ਰਿਹਾ ਹੈ।

ਪੁਲਸ ਨੇ ਜਾਲ ਵਿਛਾ ਕੇ ਕੀਤਾ ਗ੍ਰਿਫ਼ਤਾਰ

PunjabKesari

ਈਮੇਲ ਵਿਚ ਦਰਸਾਏ ਨੰਬਰ ’ਤੇ ਔਰਤ ਨੇ ਕਾਲ ਕੀਤੀ ਤਾਂ ਔਰਤ ਨੂੰ ਦੱਸਿਆ ਗਿਆ ਕਿ ਉਸ ਦੇ ਬੈਂਕ ਖਾਤੇ ਨਾਲ ਛੇੜਛਾੜ ਹੋਈ ਹੈ। ਫੋਨ ਸੁਣ ਰਹੇ ਸ਼ਖਸ ਨੇ ਔਰਤ ਨੂੰ ਯਕੀਨ ਦਿਵਾ ਦਿੱਤਾ ਕਿ ਉਸ ਦੀ ਕਾਲ ਬੈਂਕ ਵਾਲਿਆਂ ਨੂੰ ਟ੍ਰਾਂਸਫਰ ਕੀਤੀ ਜਾ ਰਹੀ ਹੈ। ਇਸ ਮਗਰੋਂ ਬੈਂਕ ਮੁਲਾਜ਼ਮ ਬਣ ਕੇ ਗੱਲ ਕਰ ਰਹੇ ਠੱਗ ਨੇ ਔਰਤ ਨੂੰ ਕਿਹਾ ਕਿ ਉਹ ਆਪਣੇ ਖਾਤੇ ਵਿਚੋਂ ਸਾਰੀ ਰਕਮ ਕਢਵਾ ਕੇ ਫੈਡਰਲ ਰਿਜ਼ਰਵ ਦੇ ਅਫਸਰ ਨੂੰ ਦੇ ਦੇਵੇ ਜੋ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਜਮ੍ਹਾਂ ਕਰਵਾ ਦੇਵੇਗਾ। ਇਹ ਗੱਲ ਸੁਣ ਕੇ ਔਰਤ ਦਾ ਮੱਥਾ ਠਣਕਿਆ ਤਾਂ ਉਸ ਨੇ ਪੁਲਸ ਨੂੰ ਫੋਨ ਕਰ ਦਿਤਾ। ਪੁਲਸ ਨੇ ਸ਼ੱਕੀ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾਇਆ ਅਤੇ ਔਰਤ ਤੋਂ ਉਸ ਨੂੰ ਫੋਨ ਕਰਵਾ ਦਿਤਾ ਕਿ ਆ ਕੇ ਰਕਮ ਲੈ ਜਾਵੇ। ਕੁਝ ਦੇਰ ਬਾਅਦ ਇਕ ਗੱਡੀ ਆ ਕੇ ਔਰਤ ਦੇ ਘਰ ਦੇ ਬਾਹਰ ਰੁਕੀ ਅਤੇ ਇਕ ਸ਼ਖਸ ਉਤਰਿਆ, ਜਿਸ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ।

ਪੜ੍ਹੋ ਇਹ ਅਹਿਮ ਖ਼ਬਰ-Kachchatheevu ਟਾਪੂ 'ਤੇ ਭਾਰਤ ਦੇ ਦਾਅਵੇ ਨੂੰ ਸ਼੍ਰੀਲੰਕਾ ਨੇ ਕੀਤਾ ਖਾਰਿਜ, ਦਿੱਤਾ ਇਹ ਬਿਆਨ

ਇੰਮੀਗ੍ਰੇਸ਼ਨ ਵਿਭਾਗ ਕਰ ਸਕਦੈ ਡਿਪੋਰਟ

ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੜਤਾਲ ਦੌਰਾਨ ਪਤਾ ਲੱਗਾ ਕਿਹਾ ਹਰਪ੍ਰੀਤ ਸਿੰਘ ਦੀ ਇਮੀਗ੍ਰੇਸ਼ਨ ਅਦਾਲਤ ਵਿਚ ਪੇਸ਼ੀ ਮਾਰਚ 2025 ਵਿਚ ਹੋਣੀ ਹੈ। ਰੌਬਰਟ ਲੌਂਗ ਨੇ ਹੈਰਾਨੀ ਜ਼ਾਹਰ ਕੀਤੀ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਐਨਾ ਲੰਮਾ ਸਮਾਂ ਕਿਉਂ ਦਿੱਤਾ ਜਾਂਦਾ ਹੈ। ਹੁਣ ਹਰਪ੍ਰੀਤ ਸਿੰਘ ਮੁੜ ਫੈਡਰਲ ਹਿਰਾਸਤ ਵਿਚ ਹੈ ਅਤੇ ਸੰਭਾਵਤ ਤੌਰ ’ਤੇ ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਹੋਣ ਕਾਰਨ ਉਸ ਨੂੰ ਸਿੱਧੇ ਤੌਰ ’ਤੇ ਡਿਪੋਰਟ ਕੀਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News