ਆਸਟ੍ਰੇਲੀਆ 'ਚ ਪੰਜਾਬੀ ਨੇ ਵਧਾਇਆ ਮਾਣ, ਜਿੱਤਿਆ ਇਹ ਖਿਤਾਬ

01/09/2018 4:32:20 PM

ਪਰਥ— ਪੱਛਮੀ ਆਸਟ੍ਰੇਲੀਆ ਦੇ ਸਿਟੀ ਆਫ ਕਾਕਬਰਨ ਵਲੋਂ ਸਾਲਾਨਾ ਸਮਾਗਮ ਦੌਰਾਨ ਪੰਜਾਬੀ ਨੌਜਵਾਨ ਗੁਰਦੀਪ ਸਿੰਘ ਗੈਰੀ ਨੂੰ 'ਇੰਪਲਾਈ ਆਫ ਦਾ ਯੀਅਰ 2017'' ਖਿਤਾਬ ਨਾਲ ਨਿਵਾਜਿਆ ਗਿਆ। ਗੈਰੀ ਨੂੰ ਇਹ ਖਿਤਾਬ ਸਾਲ 2017 ਵਿਚ ਪੱਛਮੀ ਆਸਟ੍ਰੇਲੀਆਈ ਪੁਲਸ ਦੀ ਮਦਦ ਕਰਨ ਜਿਵੇਂ ਸਮੇਂ-ਸਮੇਂ 'ਤੇ ਅਪਰਾਧਾਂ ਨੂੰ ਰੋਕਣ, ਅਪਰਾਧੀਆਂ ਦੀ ਪਛਾਣ ਕਰਨ ਅਤੇ ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਅਤੇ ਸਹਾਇਕ ਕਰਮਚਾਰੀਆਂ ਦੀ ਮਦਦ ਕਰਨ ਲਈ ਮਿਲਿਆ। ਇਸ ਖਿਤਾਬ ਦੇ ਨਾਲ ਹੀ ਇਨਾਮ ਵਜੋਂ ਗੈਰੀ ਸਿੰਘ ਨੂੰ 5000 ਡਾਲਰ ਵੀ ਮਿਲੇ ਹਨ ਅਤੇ ਇਸ ਦੇ ਨਾਲ ਹੀ ਇਕ ਹਫਤੇ ਦੀਆਂ ਵਾਧੂ ਛੁੱਟੀਆਂ ਮਿਲੀਆਂ ਹਨ।
ਖਿਤਾਬ ਲਈ ਇਸ ਸਾਲ 26 ਕਰਮਚਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਗੈਰੀ ਸਿੰਘ ਨੇ ਇਹ ਖਿਤਾਬ ਜਿੱਤਿਆ। ਗੈਰੀ ਸਿੰਘ ਨੇ ਇਹ ਖਿਤਾਬ ਜਿੱਤ ਕੇ ਜਿੱਥੇ ਪਰਥ ਵੱਸਦੇ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਆਪਣੀ ਜਨਮ ਭੂਮੀ ਪਟਿਆਲਾ ਅਤੇ ਮਾਤਾ-ਪਿਤਾ ਦਾ ਵੀ ਮਾਣ ਵਧਾਇਆ ਹੈ। ਗੈਰੀ ਸਿੰਘ ਆਪਣੇ ਕੰਮ ਦੇ ਨਾਲ-ਨਾਲ ਹੋਰ ਸਮਾਜਿਕ ਅਤੇ ਭਾਈਚਾਰਕ ਗਤੀਵਿਧੀਆਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ।
ਇੱਥੇ ਦੱਸ ਦੇਈਏ ਕਿ ਗੁਰਦੀਪ ਸਿੰਘ ਗੈਰੀ ਪੰਜਾਬ ਦੇ ਪਟਿਆਲੇ ਦਾ ਜੰਮ-ਪਲ ਹੈ। ਗੈਰੀ ਨੇ ਪੰਜਾਬ ਤਕਨਾਲੋਜੀ ਯੂਨੀਵਰਸਿਟੀ ਜਲੰਧਰ ਤੋਂ ਪੋਸਟ ਗਰੈਜੂਏਸ਼ਨ-ਮਾਸਟਰਜ਼ ਆਫ ਕੰਪਿਊਟਰ ਐਪਲੀਕੇਸ਼ਨਜ਼  ਕੀਤੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੋਸਟ ਗਰੈਜੂਏਟ ਡਿਪਲੋਮਾ ਮਾਰਕੀਟਿੰਗ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ। 2005 'ਚ ਗੈਰੀ ਸਿੰਘ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਆਏ ਸਨ ਅਤੇ 2009 'ਚ ਉਹ ਪੱਛਮੀ ਆਸਟ੍ਰੇਲੀਆ ਗਏ। ਇਸ ਦੌਰਾਨ ਉਨ੍ਹਾਂ ਨੇ ਸੁਰੱਖਿਆ ਅਤੇ ਜ਼ਖੋਮ ਮੈਨੇਜਮੈਂਟ, ਤਕਨੀਕੀ ਸੁਰੱਖਿਆ, ਦੂਰਸੰਚਾਰ ਅਤੇ ਨੈੱਟਵਰਕ ਇੰਜੀਨੀਅਰਿੰਗ 'ਚ ਆਪਣੀ ਪੜ੍ਹਾਈ ਅਤੇ ਡਿਪਲੋਮਾ ਪੂਰਾ ਕੀਤਾ। ਸਾਲ 2012 'ਚ  ਸਿਟੀ ਆਫ ਕਾਕਬਰਨ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਾਕਬਰਨ ਸੁਰੱਖਿਆ ਅਤੇ ਸੁਰੱਖਿਆ ਸਰਵਿਸੇਜ਼ ਵਜੋਂ ਕੀਤੀ। ਮੌਜੂਦਾ ਸਮੇਂ 'ਚ ਉਹ ਸਿਟੀ ਆਫ ਕਾਕਬਰਨ 'ਚ ਨੌਕਰੀ ਕਰ ਰਹੇ ਹਨ।


Related News