ਕੈਨੇਡਾ 'ਚ ਪੰਜਾਬੀ ਮੂਲ ਦਾ ਪੁਲਸ ਅਫਸਰ ਕਾਲ ਦੋਸਾਂਝ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Friday, Sep 04, 2026 - 12:04 PM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਵੈਨਕੂਵਰ ਪੁਲਿਸ ਵਿਭਾਗ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਪੰਜਾਬੀ ਮੂਲ ਦੇ ਇੱਕ ਨਾਮਵਰ ਅਤੇ ਉੱਚ-ਪ੍ਰੋਫਾਈਲ ਪੁਲਿਸ ਅਧਿਕਾਰੀ ਨੂੰ ਉਸਦੇ ਆਪਣੇ ਹੀ ਵਿਭਾਗ ਵੱਲੋਂ ਚਲਾਈ ਗਈ ਇੱਕ ਲੰਬੀ ਗੁਪਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ 'ਤੇ ਲੱਖਾਂ ਰੁਪਏ ਦੀ ਧੋਖਾਧੜੀ, ਚੋਰੀ ਅਤੇ ਜਨਤਕ ਅਹੁਦੇ ਦੀ ਦੁਰਵਰਤੋਂ ਕਰਦਿਆਂ ਭਰੋਸਾ ਤੋੜਨ ਵਰਗੇ ਕਈ ਗੰਭੀਰ ਦੋਸ਼ ਲਗਾਏ ਗਏ ਹਨ।
ਵੈਨਕੂਵਰ ਪੁਲਿਸ ਵਿਭਾਗ ਅਨੁਸਾਰ 50 ਸਾਲਾ ਕਲਵਿੰਦਰ (ਕਾਲ) ਦੋਸਾਂਝ ਵਿਰੁੱਧ ਇਹ ਦੋਸ਼ ਲਗਭਗ ਢਾਈ ਸਾਲ ਤੱਕ ਚੱਲੀ ਇੱਕ ਅਤਿ-ਗੁਪਤ ਜਾਂਚ ਤੋਂ ਬਾਅਦ ਲਗਾਏ ਗਏ ਹਨ। ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਦੀ ਡੈਮੀਅਨ ਡਾਰਬੀ ਨੇ ਖੁਲਾਸਾ ਕੀਤਾ ਕਿ ਕਾਲ ਦੋਸਾਂਝ ਵਿਰੁੱਧ ਕੁੱਲ 9 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ 4 ਦੋਸ਼, 5,000 ਡਾਲਰ ਤੋਂ ਵੱਧ ਦੀ ਚੋਰੀ ਦੇ 4 ਦੋਸ਼ ਅਤੇ ਇੱਕ ਜਨਤਕ ਅਧਿਕਾਰੀ ਵਜੋਂ ਭਰੋਸਾ ਤੋੜਨ ਦਾ 1 ਦੋਸ਼ ਸ਼ਾਮਲ ਹੈ। ਕਾਲ ਦੋਸਾਂਝ ਨੂੰ ਸਰੀ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਕਾਲ ਦੋਸਾਂਝ ਦੇ ਨਾਲ 51 ਸਾਲਾ ਸਰਬਜੀਤ ਸਿੰਘ ਗਿੱਲ ਨੂੰ ਵੀ ਸਹਿ-ਮੁਲਜ਼ਮ ਬਣਾਇਆ ਗਿਆ ਹੈ, ਜਿਸ ਵਿਰੁੱਧ ਧੋਖਾਧੜੀ ਅਤੇ ਚੋਰੀ ਦੇ ਕੁੱਲ 6 ਦੋਸ਼ ਆਇਦ ਕੀਤੇ ਗਏ ਹਨ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਇਹ ਕਥਿਤ ਅਪਰਾਧ 8 ਦਸੰਬਰ, 2017 ਤੋਂ 25 ਜੁਲਾਈ, 2025 ਦਰਮਿਆਨ ਵੈਨਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰਨਾਂ ਇਲਾਕਿਆਂ ਵਿੱਚ ਕੀਤੇ ਗਏ ਸਨ। ਅਦਾਲਤੀ ਰਿਕਾਰਡ ਅਨੁਸਾਰ ਉਹ ਫਿਲਹਾਲ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਨੂੰ 17 ਸਤੰਬਰ ਨੂੰ ਵੈਨਕੂਵਰ ਪ੍ਰੋਵਿੰਸ਼ੀਅਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਅਗਲੀ ਸੁਣਵਾਈ ਦੀ ਤਾਰੀਖ਼ ਤੈਅ ਹੋਵੇਗੀ। ਅਦਾਲਤ ਨੇ ਫਿਲਹਾਲ ਦੋਸਾਂਝ ਦੀ ਜ਼ਮਾਨਤ ਦੀ ਸੁਣਵਾਈ ਦੀ ਰਿਪੋਰਟਿੰਗ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
Vancouver Police Cst Kal Dosanjh was arrested this morning and will appear before courts on multiple charges. Search warrants executed at several locations @GlobalBC @jarmstrongbc pic.twitter.com/oeBLLWeTRn
— Catherine Urquhart 🇨🇦🇨🇦🇨🇦 (@CUrquhartGlobal) September 3, 2026
ਇੱਥੇ ਦੱਸ ਦਈਏ ਕਿ ਕਾਲ ਦੋਸਾਂਝ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਵੈਨਕੂਵਰ ਪੁਲਿਸ ਵਿੱਚ ਤਾਇਨਾਤ ਹਨ। ਉਨ੍ਹਾਂ ਨੇ ਆਪਣੇ ਇਸ ਲੰਬੇ ਕਰੀਅਰ ਦੌਰਾਨ ਵਿਭਾਗ ਦੇ 'ਫਾਈਨੈਂਸ਼ੀਅਲ ਕਰਾਈਮਜ਼ ਯੂਨਿਟ' ਵਿੱਚ ਬਤੌਰ ਸੀਨੀਅਰ ਜਾਸੂਸ ਸਮੇਤ ਕਈ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਸਾਲ 2015 ਵਿੱਚ ਮੁਸ਼ਕਿਲਾਂ ਵਿੱਚ ਘਿਰੇ ਅਤੇ ਖ਼ਤਰੇ ਦੀ ਕੜੀ ਹੇਠ ਆਉਂਦੇ ਬੱਚਿਆਂ ਦੀ ਮਦਦ ਲਈ 'ਕਿਡਜ਼ਪਲੇ ਫਾਊਂਡੇਸ਼ਨ' ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ, ਜੋ 2019 ਵਿੱਚ ਇੱਕ ਰਜਿਸਟਰਡ ਚੈਰਿਟੀ ਬਣੀ। ਦੋਸਾਂਝ ਇਸ ਦੇ ਸੰਸਥਾਪਕ ਅਤੇ ਮੌਜੂਦਾ ਸੀ.ਈ.ਓ. ਹਨ। ਉਨ੍ਹਾਂ ਦੇ ਇਸ ਸਮਾਜਿਕ ਕਾਰਜ ਲਈ ਉਨ੍ਹਾਂ ਨੂੰ ਵੱਕਾਰੀ 'ਕਿੰਗ ਚਾਰਲਸ III ਕੋਰੋਨੇਸ਼ਨ ਮੈਡਲ' ਅਤੇ 'ਕੁਈਨਜ਼ ਪਲੈਟੀਨਮ ਜੁਬਲੀ ਮੈਡਲ' ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਕਿਡਜ਼ਪਲੇ ਫਾਊਂਡੇਸ਼ਨ ਦੇ ਸਰੀ ਸਥਿਤ ਦਫ਼ਤਰਾਂ ਸਮੇਤ ਕਈ ਥਾਵਾਂ 'ਤੇ ਤਲਾਸ਼ੀ ਵੀ ਲਈ ਹੈ। ਉਸਦੀ ਪਤਨੀ ਸੈਂਡੀ ਦੋਸਾਂਝ ਸਰੀ ਦੀ ਕੰਜ਼ਰਵੇਟਿਵ ਪਾਰਟੀ ਲਈ ਕੌਂਸਲ ਉਮੀਦਵਾਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ 'ਚ ਤਬਾਹੀ ਦੇ 10ਵੇਂ ਦਿਨ ਹੋਇਆ ਚਮਤਕਾਰ ! ਸੁਰੰਗ 'ਚੋਂ ਬਚਾਈਆਂ ਗਈਆਂ ਦੋ ਜਾਨਾਂ
ਦੂਜੇ ਪਾਸੇ, ਲਾਅ ਫਰਮ 'ਅਲਾਇੰਸ ਲਾਇਰਜ਼' ਨੇ ਕਾਲ ਦੋਸਾਂਝ ਦੇ ਬਚਾਅ ਵਿੱਚ ਬਿਆਨ ਜਾਰੀ ਕਰਦਿਆਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਦੋਸਾਂਝ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਅਤੇ ਉਹ ਪੂਰੀ ਤਰ੍ਹਾਂ ਬੇਕਸੂਰ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਦੀ ਸਿਰਫ਼ ਗ੍ਰਿਫ਼ਤਾਰੀ ਹੋਣਾ ਜਾਂ ਗ੍ਰਿਫ਼ਤਾਰੀ ਦੀ ਰਿਪੋਰਟ ਸਾਹਮਣੇ ਆਉਣਾ ਅਪਰਾਧਿਕ ਜ਼ਿੰਮੇਵਾਰੀ ਜਾਂ ਗੁਨਾਹ ਦਾ ਸਬੂਤ ਨਹੀਂ ਹੁੰਦਾ। ਇਸ ਮਾਮਲੇ ਸਬੰਧੀ ਵਧੇਰੇ ਵੇਰਵੇ ਸਾਂਝੇ ਕਰਨ ਲਈ ਚੀਫ਼ ਕਾਂਸਟੇਬਲ ਸਟੀਵ ਰਾਏ ਅਤੇ ਸੁਪਰਡੈਂਟ ਮਾਈਕ ਰਿਚੀ ਦੀ ਅਗਵਾਈ ਵਿੱਚ ਇੱਕ ਪ੍ਰੈੱਸ ਕਾਨਫਰੰਸ ਵੀ ਸੱਦੀ ਗਈ ਹੈ।ਦੱਸ ਦੇਈਏ ਕਿ ਅਦਾਲਤ ਵਿੱਚ ਅਜੇ ਤੱਕ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
