ਪੰਜਾਬੀ ਨੇ ਜਾਨ 'ਤੇ ਖੇਡ ਬਚਾਈ ਬਾਕੀ ਸਾਥੀਆਂ ਦੀ ਜਾਨ

01/09/2018 8:26:32 PM

ਸਿਡਨੀ (ਅਰਸ਼ਦੀਪ)- ਆਸਟ੍ਰੇਲੀਆ 'ਚ ਦਿਨ-ਪ੍ਰਤੀ-ਦਿਨ ਭਾਰਤੀ ਵਿਦਿਆਰਥੀਆਂ 'ਤੇ ਵਧ ਰਹੀਆਂ ਵਾਰਦਾਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਸਿਰਫ ਆਸਟ੍ਰੇਲੀਆ 'ਚ ਵੱਸਦੇ ਵਿਦਿਆਰਥੀਆਂ ਦੀ ਸੁਰੱਖਿਆ ਹੀ ਨਹੀਂ ਸਗੋਂ ਇਕ ਆਮ ਨਾਗਰਿਕ ਕਿੰਨਾ ਸੁਰੱਖਿਅਤ ਹੈ, ਇਸ ਦਾ ਜਾਇਜ਼ਾ, ਭਲਕੇ ਹੋਏ ਇਕ ਭਾਰਤੀ ਮੂਲ ਦੇ ਵਿਦਿਆਰਥੀ 'ਤੇ ਹਮਲੇ ਤੋਂ ਲਾਇਆ ਜਾ ਸਕਦਾ ਹੈ।
ਇਹ ਘਟਨਾ ਬੀਤੇ ਐਤਵਾਰ ਸਵੇਰ ਦੀ ਹੈ, ਜਦੋਂ ਭਾਰਤੀ ਪੰਜਾਬੀ ਮੂਲ ਦਾ ਆਨੰਦ ਨਾਂ ਦਾ ਇਕ ਵਿਦਿਆਰਥੀ ਸਿਡਨੀ ਦੇ ਵੈਟਵਰਥਵਿਲ ਵਿਖੇ ਸਥਿਤ (ਡੋਮੀਨੋਜ਼) ਨਾਂ ਦੀ ਪਿੱਜ਼ਾ ਸ਼ਾਪ 'ਤੇ ਰੋਜ਼ਾਨਾ ਵਾਂਗ ਸ਼ਨੀਵਾਰ ਦੀ ਹੋਈ ਕਮਾਈ ਗਿਣ ਰਿਹਾ ਸੀ। ਅਚਾਨਕ ਦੁਕਾਨ ਦੇ ਮੇਨ ਦਰਵਾਜ਼ੇ ਤੋਂ ਇਕ ਆਦਮੀ ਦਾਖਲ ਹੋਇਆ, ਜਿਸ ਨੇ ਕਾਲੇ ਰੰਗ ਦਾ ਜੰਪਰ ਪਾਇਆ ਹੋਇਆ ਸੀ, ਨੇ ਉਸ 'ਤੇ ਪਿਸਤੌਲ ਤਾਣੀ ਤੇ ਪੈਸਿਆਂ ਦੀ ਮੰਗ ਕਰਨ ਲੱਗਾ। ਇਸ ਤੋਂ ਪਹਿਲਾਂ ਕਿ ਆਨੰਦ ਕੁਝ ਕਰ ਪਾਉਂਦਾ, ਉਸ ਵਿਅਕਤੀ ਨੇ ਆਨੰਦ 'ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਚਾਰ ਗੋਲੀਆਂ ਚਲਾਈਆਂ, ਜਿਸ 'ਚੋਂ ਇਕ ਆਨੰਦ ਦੇ ਹੱਥ 'ਤੇ, ਦੂਜੀ ਛਾਤੀ 'ਤੇ ਆ ਕੇ ਲੱਗੀ।
ਗੋਲੀ ਲੱਗਣ ਦੇ ਬਾਅਦ ਵੀ ਆਨੰਦ ਪਿੱਛੇ ਨਹੀਂ ਹਟਿਆ, ਉਸ ਨੇ ਆਪਣੇ ਸਹਿਯੋਗੀ ਕਾਮਿਆਂ ਨੂੰ ਵੀ ਉਥੋਂ ਭੱਜਣ ਲਈ ਕਿਹਾ ਤੇ ਆਪ ਵੀ ਦੁਕਾਨ 'ਚੋਂ ਭੱਜ ਕੇ ਇਕ ਕਿਲੋਮੀਟਰ ਦੂਰ ਸਥਿਤ ਪੁਲਸ ਸਟੇਸ਼ਨ ਤਕ ਦੌੜ ਕੇ ਹੀ ਪਹੁੰਚ ਗਿਆ। ਉਸ ਨੇ ਸਾਰੀ ਜਾਣਕਾਰੀ ਪੁਲਸ ਨੂੰ ਦਿੱਤੀ। ਬਾਅਦ ਵਿਚ ਉਸ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ। ਇੰਸਪੈਕਟਰ ਮੈਥਿਊ ਹਾਈਡ ਨੇ ਮੀਡੀਆ ਨੂੰ ਦੱਸਿਆ ਕਿ ਆਨੰਦ ਇਕ ਬਹਾਦਰ ਇਨਸਾਨ ਹੈ।
ਡਾਕਟਰਾਂ ਨੇ ਆਨੰਦ ਦੀ ਸਰਜਰੀ ਕਰਨ ਦੀ ਵੀ ਗੱਲ ਕਹੀ ਹੈ, ਉਨ੍ਹਾਂ ਕਿਹਾ ਕਿ ਆਨੰਦ ਦੀ ਛਾਤੀ 'ਚੋਂ ਉਹ ਗੋਲੀ ਨਾ ਕੱਢ ਸਕੇ ਤਾਂ ਉਨ੍ਹਾਂ ਨੂੰ ਆਪ੍ਰੇਸ਼ਨ ਵੀ ਕਰਨਾ ਪੈ ਸਕਦਾ ਹੈ। ਇਹੋ ਜਿਹੀਆਂ ਦਿਨ-ਦਿਹਾੜੇ ਹੋ ਰਹੀਆਂ ਵਾਰਦਾਤਾਂ ਆਸਟ੍ਰੇਲੀਆ ਸਰਕਾਰ ਤੇ ਸੁਰੱਖਿਆ ਪ੍ਰਣਾਲੀ ਲਈ ਇਕ ਵੱਡਾ ਸਵਾਲ ਬਣ ਚੁੱਕੀਆਂ ਹਨ, ਜਿਨ੍ਹਾਂ ਨੂੰ ਸਰਕਾਰ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਛੇਤੀ ਹੀ ਇਨ੍ਹਾਂ ਲਈ ਕੋਈ ਪੁਖਤਾ ਹੱਲ ਲੱਭਣ ਦੀ ਲੋੜ ਹੈ।


Related News