"ਆਪਲਸ' ਬ੍ਰਿਸਬੇਨ ਸੰਸਥਾ"  ਵਲੋ ਬੱਚਿਆਂ ਲਈ ਪੰਜਾਬੀ ਦੀ ਜਮਾਤ ਕੀਤੀ ਸ਼ੁਰੂ

09/13/2020 8:47:02 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਜਿੱਥੇ ਵੀ ਹਨ, ਉੱਥੇ ਹੀ ਪੰਜਾਬੀ ਭਾਸ਼ਾ ਜਾਂ ਬੋਲੀ ਦੇ ਵਿਕਾਸ ਲਈ ਯਤਨਸ਼ੀਲ ਹਨ। ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਨੇ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਪੰਜਾਬੀ ਪੜ੍ਹਾਉਣ ਦਾ ਬੀੜਾ ਚੁੱਕਿਆ ਹੈ। ਸਭਾ ਦੇ ਮੀਤ ਪ੍ਰਧਾਨ ਸੁਰਜੀਤ ਸੰਧੂ ਜੀ ਨੇ ਸਭਾ ਦੇ ਫੈਸਲੇ ਉਪਰ ਫੁੱਲ ਚੜ੍ਹਾਉਂਦਿਆਂ, ਇਹ ਸਵੀਕਾਰ ਕੀਤਾ ਹੈ ਕਿ ਉਹ ਬ੍ਰਿਸਬੇਨ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਜਮਾਤਾਂ ਲਾਇਆ ਕਰਨਗੇ । 

PunjabKesari

ਇਸੇ ਫ਼ੈਸਲੇ ਅਨੁਸਾਰ ਉਨ੍ਹਾਂ ਅੱਜ ਇੱਕ ਸੰਪੂਰਣ ਜਮਾਤ ਦੇ ਰੂਪ ਵਿੱਚ ਬੱਚਿਆਂ ਨੂੰ ਇੱਕ ਘੰਟੇ ਤੱਕ ਜਮਾਤ ਲਗਾ ਕੇ ਉਨ੍ਹਾਂ ਨੂੰ ਮੁੱਢਲੇ ਅੱਖਰਾਂ ਦੀ ਜਾਣਕਾਰੀ ਦਿੱਤੀ ਤੇ ਪੰਜਾਬੀ ਬੋਲਣ ਦਾ ਅਭਿਆਸ ਵੀ ਕਰਵਾਇਆ। ਜਿੱਥੇ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਸਿੱਖਣ ਲਈ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਮਾਪਿਆਂ ਵਿੱਚ ਵੀ ਖੁਸ਼ੀ ਦੀ ਲਹਿਰ ਵੇਖੀ ਗਈ। ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਦੇ ਸਪੋਕਸਮੈਨ ਵਰਿੰਦਰ ਅਲੀਸ਼ੇਰ ਨੇ ਕਿਹਾ ਕਿ ਅਸੀਂ ਸੁਰਜੀਤ ਸੰਧੂ ਦੀ ਇਸ ਸੇਵਾ ਤੋਂ ਪ੍ਰਭਾਵਿਤ ਹਾਂ ਤੇ ਸਭਾ ਇਸ ਤਰ੍ਹਾਂ ਦੇ ਜ਼ਮੀਨੀ ਕੰਮਾਂ ਨੂੰ ਕਰਨ ਲਈ ਸਦਾ ਤੱਤਪਰ ਰਹੇਗੀ ।

 

ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਜੀ ਪੰਜਾਬੀ ਸਕੂਲ ਦੀ ਸ਼ੁਰੂਆਤ ਲਈ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਮੀਤ ਸਕੱਤਰ ਹਰਜੀਤ ਕੌਰ ਸੰਧੂ ਵੀ ਹਾਜ਼ਰ ਸਨ। ਹਰਮਨਦੀਪ ਗਿੱਲ ਨੇ ਸਭਾ ਦੁਆਰਾ ਉਲੀਕੇ ਕੰਮਾਂ ਨੂੰ ਭਵਿੱਖ ਵਿੱਚ ਹਕੀਕੀ ਰੂਪ ਦੇਣ ਦੀ ਗੱਲ ਕੀਤੀ।  ਉਹਨਾਂ ਕਿਹਾ ਕਿ ਇਹ ਸਭਾ ਨਿਰੋਲ ਪੰਜਾਬੀ ਭਾਈਚਾਰੇ ਦੀ ਤੇ ਪੰਜਾਬੀ ਬੋਲੀ ਦੀ ਸੇਵਾ ਲਈ ਬਣੀ ਹੈ ਤੇ ਇਸ ਨੂੰ ਸੋਸ਼ਲ ਮੀਡੀਆ ਦੀ ਫੋਕੀ ਟੌਹਰ ਤੱਕ ਸੀਮਤ ਨਹੀਂ ਰੱਖਿਆ ਜਾਵੇਗਾ। ਉਹਨਾ ਇਹ ਵੀ ਕਿਹਾ ਕਿ ਬ੍ਰਿਸਬੇਨ ਸ਼ਹਿਰ ਵਿਚ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਨੂੰ ਪੰਜਾਬੀ ਭਾਈਚਾਰੇ ਤੋਂ ਮਣਾ ਮੂੰਹੀਂ ਪਿਆਰ ਮਿਲ ਰਿਹਾ ਹੈ।


Lalita Mam

Content Editor

Related News