ਫਰਾਂਸ 'ਚ ਪੈਨਸ਼ਨ ਸੁਧਾਰਾਂ ਖਿਲਾਫ ਪ੍ਰਦਰਸ਼ਨ 19ਵੇਂ ਦਿਨ ਵੀ ਜਾਰੀ
Tuesday, Dec 24, 2019 - 11:51 AM (IST)

ਪੈਰਿਸ— ਫਰਾਂਸ 'ਚ ਪੈਨਸ਼ਨ ਸੁਧਾਰਾਂ ਖਿਲਾਫ ਵੱਡੇ ਪੱਧਰ 'ਤੇ ਹੜਤਾਲ ਅਤੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਸੋਮਵਾਰ ਨੂੰ ਰਾਜਧਾਨੀ ਪੈਰਿਸ 'ਚ ਰੇਲਵੇ ਕਰਮਚਾਰੀਆਂ ਅਤੇ ਪੁਲਸ ਵਿਚਕਾਰ ਝੜਪ ਹੋਈ। 'ਦਿ ਗਾਰਜੀਅਨ' ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀ ਸੋਮਵਾਰ ਸਵੇਰੇ ਗਾਰੇ ਡਿ ਲਿਓਨ ਮੈਟਰੋ ਸਟੇਸ਼ਨ ਦੇ ਨੇੜੇ ਇਕੱਠੇ ਹੋਏ। ਛੁੱਟੀਆਂ ਕਾਰਨ ਮੈਟਰੋ ਸਟੇਸ਼ਨ ਦੇ ਨੇੜੇ ਕਾਫੀ ਭੀੜ ਸੀ। ਪ੍ਰਦਸ਼ਨਕਾਰੀਆਂ ਨੇ ਉੱਥੇ ਮੌਜੂਦ ਭੀੜ ਨੂੰ ਸੰਬੋਧਿਤ ਕੀਤਾ ਅਤੇ ਪ੍ਰਸਤਾਵਿਤ ਪੈਨਸ਼ਨ ਸੁਧਾਰਾਂ ਦੀ ਸਖਤ ਨਿੰਦਾ ਕੀਤੀ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਕ੍ਰਿਸਮਿਸ ਦੇ ਮੱਦੇਨਜ਼ਰ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਰੋਕਣ ਦੀ ਅਪੀਲ ਕੀਤੀ ਹੈ। ਫਰਾਂਸ 'ਚ ਕੰਮਕਾਜੀ ਵਰਗ ਪੈਨਸ਼ਨ ਯੋਜਨਾ 'ਚ ਪ੍ਰਸਤਾਵਿਤ ਸੁਧਾਰਾਂ ਤੋਂ ਕਾਫੀ ਨਾਰਾਜ਼ ਹਨ ਅਤੇ ਇਸ ਦਾ ਵਿਰੋਧ ਕਰ ਰਹੇ ਹਨ। ਇਹ ਵਿਰੋਧ ਪ੍ਰਦਰਸ਼ਨ 5 ਦਸੰਬਰ ਤੋਂ ਹੋ ਰਹੇ ਹਨ। ਸਰਕਾਰ ਦੇ ਨਵੇਂ ਪ੍ਰਸਤਾਵਾਂ ਤਹਿਤ ਰਿਟਾਇਰਮੈਂਟ ਦੀ ਉਮਰ ਵਧਾਉਣ ਦੀ ਯੋਜਨਾ ਹੈ। ਇਨ੍ਹਾਂ ਸੁਧਾਰਾਂ ਤਹਿਤ ਤੈਅ ਸਮੇਂ ਤੋਂ ਪਹਿਲਾਂ ਰਿਟਾਇਰ ਹੋਣ ਵਾਲੇ ਲੋਕਾਂ ਨੂੰ ਘੱਟ ਭੁਗਤਾਨ ਮਿਲੇਗਾ। ਪੈਨਸ਼ਨ ਸੁਧਾਰਾਂ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਹੜਤਾਲਾਂ 'ਚ ਅਧਿਆਪਕਾਂ, ਆਵਾਜਾਈ ਕਰਮਚਾਰੀਆਂ ਦੇ ਇਲਾਵਾ ਪੁਲਸ, ਵਕੀਲ, ਹਸਪਤਾਲਾਂ ਦੇ ਕਰਮਚਾਰੀ, ਹਵਾਈ ਅੱਡੇ ਦੇ ਕਰਮਚਾਰੀ ਅਤੇ ਹੋਰ ਕੰਮਕਾਜੀ ਲੋਕ ਵੀ ਸ਼ਾਮਲ ਹਨ।