ਪਾਕਿ ’ਚ ਹਿੰਦੂ ਮੰਦਰ ਢਾਹੁਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ, ਹਾਈਵੇਅ ਜਾਮ
Thursday, Dec 18, 2025 - 02:43 AM (IST)
ਗੁਰਦਾਸਪੁਰ/ਹੈਦਰਾਬਾਦ (ਵਿਨੋਦ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਹੈਦਰਾਬਾਦ ਜ਼ਿਲੇ ਨੇੜੇ ਹੋਸਾਰੀ ਕਸਬੇ ’ਚ ਇਕ ਮਕਾਨ ਮਾਲਕ ਵੱਲੋਂ ਪੁਰਾਣੇ ਹਿੰਦੂ ਮੰਦਰ ਨੂੰ ਢਾਹੁਣ ਅਤੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕਰਨ ’ਤੇ ਹਿੰਦੂ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਹਿੰਦੂ ਭਾਈਚਾਰੇ ਦੇ ਮੈਂਬਰਾਂ ਦਾ ਦੋਸ਼ ਹੈ ਕਿ ਪੁਲਸ ਮੰਦਰ ਢਾਹੁਣ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਇਹ ਇਕ ਪ੍ਰਭਾਵਸ਼ਾਲੀ ਵਿਅਕਤੀ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨ ’ਚ ਹਿੰਦੂ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ, ਜਿਨ੍ਹਾਂ ’ਚ ਔਰਤਾਂ ਅਤੇ ਬੱਚੇ ਸ਼ਾਮਲ ਹਨ, ਨੇ ਹੈਦਰਾਬਾਦ ਸਿੰਧ ਦੇ ਨੇੜੇ ਹੋਸਾਰੀ ’ਚ ਇਕ ਪ੍ਰਭਾਵਸ਼ਾਲੀ ਜ਼ਮੀਨ ਮਾਲਕ ਵੱਲੋਂ ਇਕ ਪੁਰਾਣੇ ਹਿੰਦੂ ਮੰਦਰ ਨੂੰ ਢਾਹੁਣ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੈਦਰਾਬਾਦ-ਬਦੀਨ ਹਾਈਵੇਅ ਨੂੰ ਕਈ ਘੰਟਿਆਂ ਲਈ ਜਾਮ ਕਰ ਦਿੱਤਾ, ਜਿਸ ਨਾਲ ਆਵਾਜਾਈ ਵਿਚ ਵਿਘਨ ਪਿਆ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮੰਦਰ ਢਾਹੁਣ ਵਾਲੇ ਵਿਅਕਤੀ ਨੇ ਵਿਰੋਧ ਕਰਨ ’ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਔਰਤਾਂ ’ਤੇ ਹਮਲਾ ਕੀਤਾ। ਇਸ ਘਟਨਾ ਨੇ ਸਥਾਨਕ ਹਿੰਦੂ ਭਾਈਚਾਰੇ ’ਚ ਗੁੱਸਾ ਪੈਦਾ ਕਰ ਦਿੱਤਾ ਹੈ ਅਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਾਕਿਸਤਾਨ ਹਿੰਦੂ ਕੌਂਸਲ ਨੇ ਦੋਸ਼ ਲਾਇਆ ਕਿ ਮੁਲਜ਼ਮ ਮਕਾਨ ਮਾਲਕ, ਜਿਸ ਨੂੰ ਪੁਲਸ ਅਤੇ ਸਿਆਸੀ ਸੁਰੱਖਿਆ ਪ੍ਰਾਪਤ ਹੈ, ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਧਮਕੀਆਂ ਦੇ ਰਿਹਾ ਹੈ।
