ਪਾਕਿ ’ਚ ਮਿਲੇ 6ਵੀਂ ਸਦੀ ਈਸਾ ਪੂਰਵ ਦੇ ਮਹਾਰਾਜ ਵਾਸੂਦੇਵ ਦੇ ਸ਼ਾਸਨ ਕਾਲ ਦੇ ਸਿੱਕੇ ਤੇ ਕੀਮਤੀ ਪੱਥਰ
Sunday, Jan 04, 2026 - 03:30 PM (IST)
ਗੁਰਦਾਸਪੁਰ/ਤਕਸ਼ਿਲਾ (ਵਿਨੋਦ)– ਪਾਕਿਸਤਾਨੀ ਪੁਰਾਤੱਤਵ ਵਿਗਿਆਨੀਆਂ ਨੇ ਤਕਸ਼ਿਲਾ ਦੇ ਨੇੜੇ ਇਕ ਸਥਾਨ ’ਤੇ ਭਾਰਤੀ ਸੱਭਿਆਚਾਰ ਅਤੇ ਹਿੰਦੂ ਰਾਜਿਆਂ ਨਾਲ ਸਬੰਧਤ 6ਵੀਂ ਸਦੀ ਈਸਾ ਪੂਰਵ ਦੇ ਦੁਰਲੱਭ ਸੋਨੇ ਤੇ ਚਾਂਦੀ ਦੇ ਸਿੱਕੇ ਅਤੇ ਸਜਾਵਟੀ ਪੱਥਰ ਲੱਭੇ ਹਨ। ਪ੍ਰਾਚੀਨ ਭੀਰ ਟਿੱਲੇ ’ਤੇ ਕੀਤੀਆਂ ਗਈਆਂ ਇਹ ਖੋਜਾਂ ਕ੍ਰਿਸ਼ਨ ਕਾਲ ਦੀ ਕਹਾਣੀ ਦੱਸਦੀਆਂ ਹਨ, ਜਦੋਂ ਵਾਸੂਦੇਵ ਰਾਜ ਕਰਦੇ ਸਨ।
ਮਾਹਿਰਾਂ ਨੇ ਰੂਪਾਂਤਰਿਤ ਸਜਾਵਟੀ ਪੱਥਰ ਦੇ ਟੁਕੜੇ ਲੱਭੇ, ਜਿਨ੍ਹਾਂ ਦੀ ਪਛਾਣ ਲੈਪਿਸ ਲਾਜ਼ੁਲੀ ਵਜੋਂ ਕੀਤੀ ਗਈ ਹੈ ਅਤੇ ਨਾਲ ਹੀ ਕੁਸ਼ਾਨ ਰਾਜਵੰਸ਼ ਦੇ ਦੁਰਲੱਭ ਕਾਂਸੀ ਦੇ ਸਿੱਕੇ ਵੀ ਲੱਭੇ ਹਨ, ਜੋ ਕਿ ਪ੍ਰਾਚੀਨ ਗੰਧਾਰ ਦੀ ਭੌਤਿਕ ਕਹਾਣੀ ਨੂੰ ਨਾਟਕੀ ਢੰਗ ਨਾਲ ਅੱਗੇ ਵਧਾਉਂਦੇ ਹਨ।
ਪੰਜਾਬ ਪੁਰਾਤੱਤਵ ਵਿਭਾਗ ਦੇ ਡਿਪਟੀ ਡਾਇਰੈਕਟਰ ਅਸੀਮ ਡੋਗਰ ਜੋ ਖੋਦਾਈ ਟੀਮ ਦੀ ਅਗਵਾਈ ਕਰਦੇ ਹਨ, ਨੇ ਕਲਾਤਮਕ ਚੀਜ਼ਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਪਿਸ਼ਾਵਰ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕੀਤੇ ਗਏ ਵਿਸਤ੍ਰਿਤ ਸਿੱਕਿਆਂ ਦੇ ਵਿਸ਼ਲੇਸ਼ਣ ਨੇ ਪੁਸ਼ਟੀ ਕੀਤੀ ਹੈ ਕਿ ਸਿੱਕਿਆਂ ’ਤੇ ਸਮਰਾਟ ਵਾਸੂਦੇਵ ਦੀ ਤਸਵੀਰ ਹੈ। ਇਤਿਹਾਸਕਾਰ ਵਾਸੂਦੇਵ ਨੂੰ ਇਸ ਖੇਤਰ ’ਤੇ ਰਾਜ ਕਰਨ ਵਾਲੇ ਮਹਾਨ ਕੁਸ਼ਾਨ ਸ਼ਾਸਕਾਂ ਵਿਚੋਂ ਆਖਰੀ ਵਜੋਂ ਪਛਾਣਦੇ ਹਨ।
