ਕੈਨੇਡਾ ਦੇ ਵੈਨਕੂਵਰ ''ਚ ਚੀਨ ਖਿਲਾਫ ਪ੍ਰਦਰਸ਼ਨ, ਬੀਜਿੰਗ ਵਿਰੋਧੀ ਲੱਗੇ ਨਾਅਰੇ

07/05/2020 12:42:10 PM

ਵੈਨਕੂਵਰ— ਵਿਸ਼ਵ ਭਰ 'ਚ ਚੀਨ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਵੈਨਕੂਵਰ 'ਚ ਲੋਕਾਂ ਨੇ ਇੱਕਠੇ ਹੋ ਕੇ ਅੱਜ ਚੀਨੀ ਕੌਂਸਲੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਬੀਜਿੰਗ ਵਿਰੋਧੀ ਨਾਅਰੇ ਲਾਉਣ ਦੇ ਨਾਲ-ਨਾਲ ਲੋਕਾਂ ਨੇ ਚੀਨ 'ਚ ਨਜ਼ਰਬੰਦ ਕੈਨੇਡੀਅਨਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰੀ ਦੇਸ਼ਾਂ ਨੂੰ ਕਮਜ਼ੋਰ ਕਰਨ ਲਈ ਚੀਨ ਨੇ ਕੋਰੋਨਾ ਵਾਇਰਸ ਫੈਲਾਇਆ ਹੈ, ਹੁਣ ਕਾਰਵਾਈ ਦੀ ਜ਼ਰੂਰਤ ਹੈ।


ਪ੍ਰਦਰਸ਼ਨ ਦੌਰਾਨ ਲੋਕਾਂ ਨੇ ਹੱਥਾਂ 'ਚ ਕਈ ਤਖਤੀਆਂ ਫੜ੍ਹੀਆਂ ਹੋਈਆਂ ਸਨ। ਬੀਜਿੰਗ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਭਾਰਤ ਨਾਲ ਖੜ੍ਹੇ ਹਾਂ। ਚੀਨ 'ਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਉੱਥੇ ਸਭ ਸ਼ੀ ਜਿੰਨਪਿੰਗ ਦੇ ਇਸ਼ਾਰੇ 'ਤੇ ਹੁੰਦਾ ਹੈ ਅਤੇ ਤਿੱਬਤ ਵੀ ਚੀਨ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਜ਼ਬਰਦਸਤੀ ਕਬਜ਼ੇ ਕਾਰਨ ਤਿੱਬਤ ਪਲ-ਪਲ ਸੜ੍ਹ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਚੀਨ ਦਾ ਬਾਇਕਾਟ ਕਰਨ ਦੀ ਮੰਗ ਕੀਤੀ।

ਕੈਨੇਡਾ-ਚੀਨ 'ਚ ਵਿਵਾਦ ਕਿਉਂ-
ਕੈਨੇਡਾ ਨੇ ਈਰਾਨ 'ਤੇ ਲਾਗੂ ਵਪਾਰ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ਾਂ 'ਚ ਅਮਰੀਕਾ 'ਚ ਲੋੜੀਂਦੀ ਹੁਵਾਵੇ ਦੀ ਮੁੱਖ ਵਿੱਤ ਅਧਿਕਾਰੀ ਨੂੰ ਦਸੰਬਰ 2018 'ਚ ਵੈਨਕੁਵਰ 'ਚ ਗ੍ਰਿਫਤਾਰ ਕੀਤਾ ਸੀ। ਹੁਵਾਵੇ ਦੀ ਮੇਂਗ ਵਾਂਜ਼ੂ ਦੀ ਗ੍ਰਿਫਤਾਰੀ ਦੇ ਕੁਝ ਦਿਨਾਂ ਪਿੱਛੋਂ ਹੀ ਚੀਨ ਨੇ ਵੀ ਦੋ ਕੈਨੇਡੀਅਨਾਂ- ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਨੂੰ ਹਿਰਾਸਤ 'ਚ ਲੈ ਲਿਆ, ਜਿਨ੍ਹਾਂ 'ਤੇ ਹਾਲ ਹੀ 'ਚ ਜਾਸੂਸੀ ਦੇ ਦੋਸ਼ ਮੜ ਕੇ ਮੁਕੱਦਮਾ ਚਲਾਉਣ ਦੀ ਤਿਆਰੀ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਦਸੰਬਰ 2018 ਤੋਂ ਪਿਛਲੇ ਹਫ਼ਤੇ ਤੱਕ ਬਿਨਾਂ ਕਿਸੇ ਦੋਸ਼ ਦੇ ਚੀਨ ਨੇ ਹਿਰਾਸਤ 'ਚ ਰੱਖੀ ਰੱਖਿਆ ਸੀ।


Sanjeev

Content Editor

Related News