ਪਾਕਿ ਦੇ ਖੈਬਰ ਪਖਤੂਨਖਵਾ ’ਚ ਬਿਜਲੀ ਬੰਦ, ਸੜਕਾਂ ’ਤੇ ਉਤਰੇ ਲੋਕ
Wednesday, Jul 14, 2021 - 05:39 PM (IST)
ਪੇਸ਼ਾਵਰ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਬਿਜਲੀ ਸਪਲਾਈ ਬੰਦ ਹੋਣ ਦੇ ਵਿਰੋਧ ’ਚ ਲੋਕ ਸੜਕਾਂ ’ਤੇ ਉਤਰ ਆਏ। ਅੰਗਰੇਜ਼ੀ ਅਖ਼ਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਤਿਮੇਰਗਾਰਾ ਦੇ ਸ਼ਹੀਦ ਚੌਕ ਅਤੇ ਖਲ ਬਜ਼ਾਰ ’ਚ ਸੜਕਾਂ ਨੂੰ ਜਾਮ ਕਰ ਦਿੱਤਾ। ਜਿਸ ਕਾਰਨ ਵਾਹਨ ਚਾਲਕ ਅਤੇ ਯਾਤਰੀ ਪਰੇਸ਼ਾਨ ਹੋਏ। ਪ੍ਰਦਰਸ਼ਕਾਰੀਆਂ ਨੇ ਮੁੱਖ ਤਿਮੇਰਗਾਰਾ-ਚਿੱਤਰਾਲ ਹਾਈਵੇਅ ਨੂੰ 3 ਘੰਟਿਆਂ ਤੱਕ ਰੋਕ ਕੇ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਸੰਸਦ ਮੈਂਬਰਾਂ ਅਤੇ ਪੇਸ਼ਾਵਰ ਬਿਜਲੀ ਸਪਲਾਈ ਕੰਪਨੀ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ।
ਰਿਪਰੋਟ ਮੁਤਾਬਕ ਪ੍ਰਦਰਸ਼ਨਕਾਰੀ ਦੇ ਆਗੂਆਂ ਨੇ ਕਿਹਾ ਕਿ ਸੰਸਦ ਮੈਂਬਰਾਂ ਦੇ ਕਹਿਣ ’ਤੇ ਖਲ ਫੀਡਰ ਵਿਚ ਨਵੀਂ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ, ਜਿਸ ਨਾਲ ਸਥਾਨਕ ਉਪਭੋਗਤਾਵਾਂ ਨੂੰ ਪਰੇਸ਼ਾਨੀ ਹੋਈ ਅਤੇ ਉਹ ਪਿਛਲੇ ਇਕ ਹਫ਼ਤੇ ਤੋਂ ਬਿਜਲੀ ਤੋਂ ਬਿਨਾਂ ਰਹਿਣ ਨੂੰ ਮਜਬੂਰ ਹਨ। ਉਨ੍ਹਾਂ ਨੇ ਬਿਜਲੀ ਸਪਲਾਈ ਕੰਪਨੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਬਾਤ ਫੀਡਰ ਨੂੰ ਖਲ ਫੀਡਰ ਤੋਂ ਵੱਖ ਕਰ ਦੇਣ ਨਹੀਂ ਤਾਂ ਉਹ ਇਸ ਨੂੰ ਖ਼ੁਦ ਹੀ ਹਟਾ ਦੇਣਗੇ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨਾਲ ਵਾਰ-ਵਾਰ ਸੰਪਰਕ ਕੀਤਾ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਓਧਰ ਸਹਾਇਕ ਕਮਿਸ਼ਨਰ, ਤਿਮੇਰਗਾਰਾ, ਤਾਹਿਰ ਅਲੀ ਖੱਟਕ ਨੇ ਬਿਜਲੀ ਸਪਲਾਈ ਕੰਪਨੀ ਦੇ ਕਾਰਜਕਾਰੀ ਇੰਜੀਨੀਅਰ ਮੁਜਾਹਿਦ ਖਾਨ ਅਤੇ ਡੀ. ਐੱਸ. ਪੀ. ਫਾਰੂਕ ਨਾਲ ਸੰਪਰਕ ਕਰ ਕੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤੀਪੂਰਨ ਪੂਰੀ ਗੱਲ ਨਾਲ ਮਨਾ ਲਿਆ।