ਆਸਟਰੇਲੀਆ ਦੀ ਸੰਸਦ ''ਚ ਦਾਖਲ ਹੋਏ ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀ, 4 ਗ੍ਰਿਫ਼ਤਾਰ

Thursday, Jul 04, 2024 - 04:31 PM (IST)

ਆਸਟਰੇਲੀਆ ਦੀ ਸੰਸਦ ''ਚ ਦਾਖਲ ਹੋਏ ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀ, 4 ਗ੍ਰਿਫ਼ਤਾਰ

ਮੈਲਬੌਰਨ (ਪੋਸਟ ਬਿਊਰੋ) - ਆਸਟ੍ਰੇਲੀਆ ਦੇ ਸੰਸਦ ਭਵਨ ਦੇ ਸੁਰੱਖਿਆ ਪ੍ਰਬੰਧਾਂ ਨੂੰ ਚਕਮਾ ਦਿੰਦੇ ਹੋਏ ਕੁਝ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀ ਵੀਰਵਾਰ ਨੂੰ ਅੰਦਰ ਦਾਖਲ ਹੋ ਗਏ ਅਤੇ ਇਮਾਰਤ ਦੀ ਛੱਤ ਤੋਂ ਬੈਨਰ ਲਹਿਰਾਏ। ਇਸ ਦੌਰਾਨ ਸੰਸਦ ਦੇ ਇੱਕ ਮੈਂਬਰ ਨੇ ਗਾਜ਼ਾ ਯੁੱਧ ਸਬੰਧੀ ਫੈਸਲੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਸਰਕਾਰ ਤੋਂ ਬਾਹਰ ਹੋਣ ਦਾ ਐਲਾਨ ਕੀਤਾ। 

ਪੰਜ ਹਫ਼ਤਿਆਂ ਦੀ ਛੁੱਟੀ ਤੋਂ ਬਾਅਦ ਸੰਸਦ ਦੀ ਕਾਰਵਾਈ ਦੇ ਆਖ਼ਰੀ ਦਿਨ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਜੰਗ ਨੂੰ ਲੈ ਕੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਗਰਮਾ-ਗਰਮ ਬਹਿਸ ਹੋਈ। 

'ਗ੍ਰੇਟ ਵੇਰੰਡਾ' ਦੇ ਨਾਂ ਨਾਲ ਮਸ਼ਹੂਰ ਇਮਾਰਤ ਦੇ ਅਗਲੇ ਹਿੱਸੇ 'ਤੇ ਚਾਰ ਪ੍ਰਦਰਸ਼ਨਕਾਰੀਆਂ ਨੇ ਇੱਕ ਘੰਟੇ ਤੋਂ ਵੱਧ ਸਮੇਂ ਲਈ "ਯੁੱਧ ਅਪਰਾਧ" ਅਤੇ "ਨਸਲਕੁਸ਼ੀ" ਸ਼ਬਦਾਂ ਦੇ ਨਾਲ-ਨਾਲ ਫਲਸਤੀਨੀ ਰੈਲੀ ਦੇ ਪ੍ਰਮੁੱਖ ਨਾਅਰੇ "ਨਦੀ ਤੋਂ ਸਮੁੰਦਰ ਤੱਕ, ਫਲਸਤੀਨ ਆਜ਼ਾਦ ਹੋਵੇਗਾ" ਵਾਲੇ ਬੈਨਰ ਲਹਿਰਾਏ।

 ਬਾਅਦ ਵਿਚ ਚਾਰੋਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਫਗਾਨਿਸਤਾਨ ਵਿੱਚ ਜਨਮੀ ਸੈਨੇਟਰ ਫਾਤਿਮਾ ਪੇਾਇਮਨ ਨੇ ਘੋਸ਼ਣਾ ਕੀਤੀ ਕਿ ਉਸਨੇ ਗਾਜ਼ਾ 'ਤੇ ਪਾਰਟੀ ਦੇ ਰੁਖ ਨੂੰ ਰੱਦ ਕਰਦਿਆਂ ਸੱਤਾਧਾਰੀ ਲੇਬਰ ਪਾਰਟੀ ਛੱਡ ਦਿੱਤੀ ਹੈ। ਫਾਤਿਮਾ ਪਾਇਮਨ ਇਕਲੌਤੀ ਆਸਟ੍ਰੇਲੀਆਈ ਸੰਸਦ ਮੈਂਬਰ ਹੈ ਜਿਸ ਨੇ ਸਦਨ ਵਿੱਚ ਬੈਠਕਾਂ ਦੌਰਾਨ ਹਿਜਾਬ ਪਾਇਆ। 

ਫਾਤਿਮਾ ਨੇ ਪੱਤਰਕਾਰਾਂ ਨੂੰ ਕਿਹਾ, ''ਮੇਰਾ ਪਰਿਵਾਰ ਯੁੱਧਗ੍ਰਸਤ ਦੇਸ਼ ਤੋਂ ਭੱਜਣ ਤੋਂ ਬਾਅਦ ਇੱਥੇ ਸ਼ਰਨਾਰਥੀ ਦੇ ਤੌਰ 'ਤੇ ਇਸ ਲਈ ਇਥੇ ਨਹੀਂ ਆਇਆ ਹੈ ਕਿ ਮੈਂ ਬੇਕਸੂਰ ਲੋਕਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਦੇਖ ਕੇ ਚੁੱਪ ਰਹਾਂ। '' ਉਨ੍ਹਾਂ ਕਿਹਾ ''ਸਾਡੇ ਸਮੇਂ ਦੀ ਸਭ ਤੋਂ ਵੱਡੀ ਬੇਇਨਸਾਫੀ ਪ੍ਰਤੀ ਸਾਡੀ ਸਰਕਾਰ ਦੀ ਉਦਾਸੀਨਤਾ ਨੂੰ ਦੇਖਦਿਆਂ, ਮੈਂ ਪਾਰਟੀ ਦੇ ਸਟੈਂਡ 'ਤੇ ਸਵਾਲ ਕਰਨ ਲਈ ਮਜਬੂਰ ਹਾਂ। ਪਹਿਲੀ ਵਾਰ ਸੈਨੇਟਰ ਬਣੀ ਫਾਤਿਮਾ ਨੇ ਪਿਛਲੇ ਹਫਤੇ ਇਕ ਛੋਟੀ-ਪਾਰਟੀ ਦੇ ਪ੍ਰਸਤਾਵ ਦਾ ਸਮਰਥਨ ਕਰਕੇ ਆਪਣੇ ਸਰਕਾਰੀ ਸਹਿਯੋਗੀਆਂ ਦਾ ਵਿਰੋਧ ਕੀਤਾ ਸੀ , ਜਿਸ ਵਿਚ ਸੰਸਦ ਨੂੰ ਫਲਸਤੀਨ ਨੂੰ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ।

ਆਸਟ੍ਰੇਲੀਆ ਫਲਸਤੀਨ ਨੂੰ ਇੱਕ ਦੇਸ਼ ਵਜੋਂ ਮਾਨਤਾ ਨਹੀਂ ਦਿੰਦਾ। ਆਸਟ੍ਰੇਲੀਆਈ ਸਰਕਾਰ ਇੱਕ ਦੋ-ਰਾਜ ਹੱਲ ਲਈ ਵਚਨਬੱਧ ਹੈ ਜਿਸ ਵਿੱਚ ਇਜ਼ਰਾਈਲ ਅਤੇ ਇੱਕ ਭਵਿੱਖੀ ਫਲਸਤੀਨ ਅੰਤਰਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਸਰਹੱਦਾਂ ਦੇ ਅੰਦਰ ਸ਼ਾਂਤੀ ਅਤੇ ਸੁਰੱਖਿਆ ਵਿੱਚ ਸਹਿ-ਮੌਜੂਦ ਹੋ ਸਕਦੇ ਹਨ। ਪੁਲਸ ਨੇ ਕਿਹਾ ਕਿ ਚਾਰ ਪ੍ਰਦਰਸ਼ਨਕਾਰੀਆਂ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਸੰਸਦ ਭਵਨ 'ਚ ਦਾਖਲ ਹੋਣ ਦਾ ਦੋਸ਼ ਲਗਾਇਆ ਜਾ ਸਕਦਾ ਹੈ।


author

Harinder Kaur

Content Editor

Related News