ਮੌਜੂਦਾ ਰੋਹਿੰਗਿਆ ਸੰਕਟ ''ਤੇ ਪਹਿਲੀ ਵਾਰੀ ਬੋਲੀ ਸੂ ਚੀ

Wednesday, Sep 06, 2017 - 03:10 PM (IST)

ਮੌਜੂਦਾ ਰੋਹਿੰਗਿਆ ਸੰਕਟ ''ਤੇ ਪਹਿਲੀ ਵਾਰੀ ਬੋਲੀ ਸੂ ਚੀ

ਮਿਆਂਮਾਰ— ਬੀਤੇ 2 ਹਫਤਿਆਂ ਵਿਚ ਮਿਆਂਮਾਰ ਦੇ ਉੱਤਰੀ ਰਖਾਇਨ ਸੂਬੇ ਵਿਚੋਂ ਕਰੀਬ 1.23 ਲੱਖ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਚਲੇ ਗਏ ਹਨ। ਇਸ ਵਿਸ਼ੇ 'ਤੇ ਕੁਝ ਵੀ ਨਾ ਬੋਲਣ ਕਾਰਨ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਸੂ ਚੀ ਦੀ ਕਾਫੀ ਆਲੋਚਨਾ ਕੀਤੀ ਗਈ ਸੀ।
ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਹੁਣ ਸੂ ਚੀ ਨੇ ਰਾਸ਼ਟਰਪਤੀ ਅਰਦੋਆਨ ਨੂੰ ਕਿਹਾ,''ਉਨ੍ਹਾਂ ਦਾ ਦੇਸ਼ ਰਖਾਇਨ ਵਿਚ ਲੋਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ ਕਰ ਰਿਹਾ ਹੈ।'' ਉਨ੍ਹਾਂ ਨੇ ਕਿਹਾ,''ਅਸੀਂ ਸਾਰੇ ਬਿਹਤਰ ਜਾਣਦੇ ਹਾਂ ਕਿ ਮਨੁੱਖੀ ਅਧਿਕਾਰਾਂ ਦੇ ਬਿਨਾ ਅਤੇ ਲੋਕਤੰਤਰ ਵਿਚ ਸੁਰੱਖਿਆ ਨਾ ਮਿਲਣ ਦਾ ਕੀ ਮਤਲਬ ਹੁੰਦਾ ਹੈ। ਇਸ ਲਈ ਅਸੀਂ ਇਹ ਸੁਰੱਖਿਆ ਮੁਹੱਈਆ ਕਰਾਉਣ ਦੀ ਕੋਸ਼ਿਸ ਕਰ ਰਹੇ ਹਾਂ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਰੋਹਿੰਗਿਆ ਸੰਕਟ ਦੇ ਸੰਬੰਧ ਵਿਚ ਕਈ ਝੂਠੀਆਂ ਖਬਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਰੋਹਿੰਗਿਆ ਮੁਸਲਮਾਨਾਂ ਦੇ ਮਾਰੇ ਜਾਣ ਦੀਆਂ ਖਬਰਾਂ ਆਉਣ 'ਤੇ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਨੇ ਟਵਿੱਟਰ 'ਤੇ ਬਿਆਨ ਜਾਰੀ ਕਰ ਹਿੰਸਾ ਦੀ ਨਿੰਦਾ ਕੀਤੀ ਸੀ। ਮਲਾਲਾ ਨੇ ਕਿਹਾ,''ਬੀਤੇ ਕਈ ਸਾਲਾਂ ਵਿਚ ਮੈਂ ਇਸ ਦਰਦਨਾਕ ਅਤੇ ਸ਼ਰਮਨਾਕ ਵਿਹਾਰ ਦੀ ਨਿੰਦਾ ਕੀਤੀ ਹੈ। ਮੈਂ ਇੰਤਜ਼ਾਰ ਕਰ ਰਹੀ ਹਾਂ ਕਿ ਨੋਬੇਲ ਪੁਰਸਕਾਰ ਜੇਤੂ ਆਂਗ ਸਾਨ ਸੂ ਚੀ ਵੀ ਇਸ ਦਾ ਵਿਰੋਧ ਕਰੇ। ਪੂਰੀ ਦੁਨੀਆ ਅਤੇ ਰੋਹਿੰਗਿਆ ਮੁਸਲਮਾਨ ਇੰਤਜ਼ਾਰ ਕਰ ਰਹੇ ਹਨ।'' 
ਇਸ ਤੋਂ ਪਹਿਲਾਂ ਸੂ ਚੀ ਨੇ ਰੋਹਿੰਗਿਆ ਮੁਸਲਮਾਨਾਂ 'ਤੇ ਅੱਤਿਆਚਾਰ ਅਤੇ ਹਿੰਸਾ 'ਤੇ ਕਿਹਾ ਸੀ ਕਿ ਮਿਆਂਮਾਰ ਵਿਚ ਇਸ ਜਾਤੀ ਨੂੰ ਖਤਮ ਨਹੀਂ ਕੀਤਾ ਜਾ ਰਿਹਾ ਹੈ। ਜਦਕਿ ਮਨੁੱਖੀ ਅਧਿਕਾਰ ਸੰਗਠਨਾਂ ਨੇ ਦੋਸ਼ ਲਗਾਇਆ ਕਿ ਉੱਥੇ ਇਸ ਜਾਤੀ ਨੂੰ ਖਤਮ ਕੀਤਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਖਾਸ ਦੂਤ ਨੇ ਕਿਹਾ ਸੀ ਕਿ ਸੂ ਚੀ ਰੋਹਿੰਗਿਆ ਘੱਟ ਗਿਣਤੀ ਮੁਸਲਮਾਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਮੁਤਾਬਕ ਰਖਾਇਨ ਸੰਕਟ ਵੱਧ ਰਿਹਾ ਹੈ ਅਤੇ ਉਨ੍ਹਾਂ ਨੂੰ ਦਖਲ ਅੰਦਾਜ਼ੀ ਕਰਨ ਦੀ ਜ਼ਰੂਰਤ ਹੈ।


Related News