ਪ੍ਰਿੰਸ ਹੈਰੀ ਅਤੇ ਮੇਗਨ ਦੂਜੀ ਵਾਰ ਬਣਨਗੇ ਮਾਤਾ-ਪਿਤਾ, ਵੈਲੇਂਟਾਈਨ ਡੇਅ ਮੌਕੇ ਦਿੱਤੀ ਖ਼ੁਸ਼ਖ਼ਬਰੀ

2/15/2021 10:40:22 AM

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਵੈਲੇਂਟਾਈਨ ਡੇਅ ਮੌਕੇ ਪ੍ਰਿੰਸ ਹੈਰੀ ਅਤੇ ਮੇਗਨ ਨੇ ਇਹ ਖ਼ੁਸ਼ਖ਼ਬਰੀ ਦੁਨੀਆ ਨੂੰ ਦਿੱਤੀ। ਮੇਗਨ ਅਤੇ ਹੈਰੀ ਨੇ 2018 ਵਿਚ ਵਿਆਹ ਕੀਤਾ ਸੀ ਅਤੇ 2019 ਵਿਚ ਉਹਨਾਂ ਘਰ ਬੇਟੇ ਦਾ ਜਨਮ ਹੋਇਆ ਸੀ, ਜਿਸ ਦਾ ਨਾਮ ਆਰਚੀ ਹੈ। ਪ੍ਰਿੰਸ ਹੈਰੀ ਅਤੇ ਮੇਗਨ ਦੇ ਬੁਲਾਰੇ ਨੇ ਖ਼ੁਸ਼ਖ਼ਬਰੀ ਦਿੰਦੇ ਹੋਏ ਕਿਹਾ ਕਿ ਦੋਵੇਂ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ ਅਤੇ ਦੋਵੇਂ ਬਹੁਤ ਖੁਸ਼ ਹਨ। ਭਾਵੇਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਮੇਗਨ ਕਿਹੜੇ ਮਹੀਨੇ ਬੱਚੇ ਨੂੰ ਜਨਮ ਦੇਵੇਗੀ।

ਪਿਛਲੇ ਸਾਲ ਮੇਗਨ ਨੇ ਵੱਡਾ ਖੁਲਾਸਾ ਕੀਤਾ ਸੀ। ਉਹਨਾਂ ਨੇ ਦੱਸਿਆ ਸੀ ਕਿ ਪਿਛਲੇ ਸਾਲ ਜੁਲਾਈ ਵਿਚ ਉਹਨਾਂ ਦਾ ਗਰਭਪਾਤ ਹੋ ਗਿਆ ਸੀ।ਇਸ ਖ਼ਬਰ ਦੇ ਸਾਹਮਣੇ ਆਉਣ ਮਗਰੋਂ ਹੀ ਸੋਸ਼ਲ ਮੀਡੀਆ 'ਤੇ ਮੇਗਨ ਅਤੇ ਪ੍ਰਿੰਸ ਦੇ ਚਾਹੁਣ ਵਾਲਿਆਂ ਨੇ ਖਾਸ ਸੰਦੇਸ਼ ਭੇਜੇ ਸਨ ਅਤੇ ਉਹਨਾਂ ਨੂੰ ਇਸ ਘੜੀ ਵਿਚ ਹੌਂਸਲਾ ਬਣਾਈ ਰੱਖਣ ਦੀ ਸਲਾਹ ਦਿੱਤੀ ਸੀ। ਪਿਛਲੇ ਸਾਲ ਨਿਊਯਾਰਕ ਟਾਈਮਜ਼ ਨੇ ਖੁਲਾਸਾ ਕਰਦਿਆਂ ਕਿਹਾ ਸੀ ਕਿ ਬੇਟੇ ਆਰਚੀ ਦੀ ਦੇਖਭਾਲ ਸਮੇਂ ਅਚਾਨਕ ਮੇਗਨ ਦੇ ਪੇਟ ਵਿਚ ਦਰਦ ਹੋਇਆ ਸੀ ਅਤੇ ਉਹ ਹੇਠਾਂ ਡਿੱਗ ਗਈ ਸੀ, ਜਿਸ ਕਾਰਨ ਉਹਨਾਂ ਦਾ ਗਰਭਪਾਤ ਹੋ ਗਿਆ।

PunjabKesari

ਵੈਲੇਂਟਾਈਨ ਡੇਅ ਮੌਕੇ ਪਰਿਵਾਰ ਨਾਲ ਜੁੜੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹੈਰੀ ਅਤੇ ਮਰਕੇਲ ਦੁਬਾਰਾ ਮਾਤਾ-ਪਿਤਾ ਬਣਨ ਜਾ ਰਹੇ ਹਨ। ਨਾਲ ਹੀ ਉਹਨਾਂ ਦੇ ਬੇਟੇ ਆਰਚੀ ਦੇ ਬਾਰੇ ਵਿਚ ਕਿਹਾ ਸੀ ਕਿ ਉਹ ਵੱਡਾ ਭਰਾ ਬਣਨ ਜਾ ਰਿਹਾ ਹੈ।ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਹੈਰੀ ਦੀ ਪਤਨੀ 39 ਸਾਲਾ ਮੇਗਨ ਸੋਸ਼ਲ ਮੀਡੀਆ 'ਤੇ ਮਜ਼ਬੂਤ ਮੌਜੂਦਗੀ ਰੱਖਦੀ ਸੀ ਪਰ ਪ੍ਰਿੰਸ ਹੈਰੀ ਨਾਲ ਵਿਆਹ ਹੋਣ ਮਗਰੋਂ ਉਹਨਾਂ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਆਪਣਾ ਅਕਾਊਂਟ ਬੰਦ ਕਰ ਦਿੱਤਾ ਸੀ।

ਸ਼ਾਹੀ ਜ਼ਿੰਮੇਵਾਰੀਆਂ ਤੋਂ ਹੋ ਚੁੱਕੇ ਹਨ ਵੱਖ
ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਪਿਛਲੇ ਸਾਲ ਸ਼ਾਹੀ ਜ਼ਿੰਮੇਵਾਰੀਆਂ ਨੂੰ ਛੱਡਣ ਦਾ ਫ਼ੈਸਲਾ ਲਿਆ ਸੀ। ਇਹ ਫ਼ੈਸਲਾ ਉਹਨਾਂ ਨੇ ਆਪਣੇ ਬੱਚੇ ਨਾਲ ਕਿਤੇ ਹੋਰ ਵਸਣ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਲਿਆ ਸੀ। ਇਸ ਮਗਰੋਂ ਉਹਨਾਂ ਨੂੰ ਆਪਣੇ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ ਅਕਾਊਂਟ ਨੂੰ ਬੰਦ ਕਰਨਾ ਪਿਆ ਸੀ। ਬਕਿੰਘਮ ਪੈਲੇਸ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਡਿਊਕ ਆਫ ਡਚੇਸ ਆਫ ਸਸੈਕਸ ਆਪਣੀ ਐੱਚ.ਆਰ.ਐੱਚ. ਸਿਰਲੇਖ ਦੀ ਵਰਤੋਂ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਮਹਾਰਾਣੀ ਐਲੀਜ਼ਾਬੇਥ ਨੇ ਕਿਹਾ ਸੀ ਕਿ ਕਈ ਮਹੀਨੇ ਦੀ ਚਰਚਾ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਅਤੇ ਇਹ ਫ਼ੈਸਲਾ ਉਹਨਾਂ ਦੇ ਪੋਤੇ ਅਤੇ ਪਰਿਵਾਰ ਦੇ ਅੱਗ ਵੱਧਣ ਲਈ ਰਚਨਾਤਮਕ ਅਤੇ ਸਹਿਯੋਗੀ ਤਰੀਕਾ ਹੈ।

ਨੋਟ- ਪ੍ਰਿੰਸ ਹੈਰੀ ਅਤੇ ਮੇਗਨ ਦੂਜੀ ਵਾਰ ਬਣਨਗੇ ਮਾਤਾ-ਪਿਤਾ, ਕੁਮੈਂਟ ਕਰ ਦਿਓ ਰਾਏ।


Vandana

Content Editor Vandana